ਪੰਜਾਬ ਸਟੂਡੈਂਟਸ ਯੂਨੀਅਨ ਦੇ ਇਨਕਲਾਬੀ ਮੈਗਜ਼ੀਨ “ਵਿਦਿਆਰਥੀ ਸੰਘਰਸ਼“ ਸਬੰਧੀ ਹੋਈਆਂ ਵਿਚਾਰਾਂ

ਅਜੀਤਵਾਲ, 28  ਨਵੰਬਰ(ਸੰਜੇ ਕੁਮਾਰ) -ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਦੋ-ਮਾਸਿਕ ਮੈਗਜ਼ੀਨ “ਵਿਦਿਆਰਥੀ ਸੰਘਰਸ਼“ ਸਬੰਧੀ ਸਰਕਾਰੀ ਸੀਨੀਅਰ ਸੈਕੰ. ਸਕੂਲ ਤਖਾਣਵੱਧ ਵਿਖੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਇਨਕਲਾਬੀ ਤੇ ਉਸਾਰੂ ਸਾਹਿਤ ਪੜਨ ਦਾ ਸੰਦੇਸ਼ ਦਿੰਦਿਆਂ, ਵਿਦਿਆਰਥੀਆਂ ਦੇ ਇਸ ਮੈਗਜ਼ੀਨ ਲਈ ਵਿਗਿਆਨਕ ਤੇ ਇਨਕਲਾਬੀ ਕਵਿਤਾਵਾਂਂ, ਲੇਖ, ਕਹਾਣੀਆਂ, ਕਿਤਾਬਾਂ ਦੇ ਰੀਵਿਉ ਸਬੰਧੀ ਲਿਖਤਾਂ ਭੇਜਣ ਲਈ ਪ੍ਰੇਰਿਆ ਗਿਆ। ਇਸ ਦੇ ਨਾਲ ਹੀ ਇਸ ਮੌਕੇ 30 ਨਵੰਬਰ ਨੂੰ ਆਦਰਸ਼ ਸਕੂਲ ਪੱਕਾ ਦੀ ਇੱਕ ਅਧਿਆਪਕਾ ਨਾਲ ਬਲਾਤਕਾਰ ਕਰਨ ਵਾਲੇ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਤੇ ਉਸਦੇ ਪੁੱਤਰ ਜਸਮੀਤ ਰੰਧਾਵਾ ਨੂੰ ਗਿ੍ਰਫਤਾਰ ਕਰਾਉਣ ਅਤੇ ਸਕੂਲ ਦਾ ਪ੍ਰਬੰਧ ਸਰਕਾਰ ਦੇ ਅਧੀਨ ਕਰਾਉਣ ਲਈ ਪੀ.ਐਸ.ਯੂ. ਸਮੇਤ ਇਨਕਲਾਬੀ ਜਥੇਬੰਦੀਆਂ ਵੱਲੋਂ 30 ਨਵੰਬਰ ਨੂੰ ਡੀ.ਸੀ. ਦਫਤਰ ਫਰੀਦਕੋਟ ਵਿਖੇ ਲਾਏ ਜਾ ਰਹੇ ਧਰਨੇ ਦੀ ਹਮਾਇਤ ਵੀ ਕੀਤੀ ਗਈ।ਇਸ ਮੌਕੇ ਪੀ.ਐਸ.ਯੂ. ਦੇ ਜਿਲਾ ਆਗੂ ਜਗਵੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਵਿਦਿਆਰਥੀ ਸੰਘਰਸ਼“ ਮੈਗਜ਼ੀਨ ਪੰਜਾਬ ਦਾ ਇਕਲੌਤਾ ਸਭ ਤੋਂ ਵੱਧ ਗਿਣਤੀ ਵਿੱਚ ਦੋ ਮਹੀਨਿਆਂ ਬਾਅਦ ਛਪਣ ਵਾਲਾ ਮੈਗਜ਼ੀਨ ਹੈ, ਜਿਸ ਨੂੰ ਨਿਰਤੰਰਤਾ ਬਖਸ਼ਣ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਸਮਾਜ ਦੇ ਇਨਕਲਾਬ ਤੇ ਜਮਹੂਰੀਅਤ-ਪਸੰਦ ਲੋਕਾਂ ਪਾਸੋਂ ਤਨ,ਮਨ,ਧਨ ਦੀ ਭਰਪੂਰ ਜ਼ਰੂਰਤ ਹੈ।ਉਹਨਾਂ ਮੈਗਜ਼ੀਨ ਸਬੰਧੀ ਦੱਸਦਿਆਂ ਕਿਹਾ ਕਿ ਵਿਦੇਸ਼ੀ ਅਤੇ ਦੇਸੀ ਲੁਟੇਰਿਆਂ ਵੱਲੋਂ ਸਮੁੱਚੀ ਲੋਕਾਈ ਸਮੇਤ ਵਿਦਿਆਰਥੀਆਂ ਦੀ ਲੁੁੱੁਟ ਅਤੇ ਉਹਨਾਂ ਵਿੱਚ ਫਿਰਕੂ ਜਨੂਨ ਭਰਨ ਲਈ ਵਿਦਿਆ ਦੇ ਵਪਾਰੀਕਰਨ, ਹਕੂਮਤਾਂ ਦੁਆਰਾ ਕੀਤੇ ਜਾ ਰਹੇ ਵਿਦਿਆ ਦੇ ਭਗਵਾਂਕਰਨ ਖਿਲਾਫ ਵਿਗਿਆਨਕ, ਜਮਹੂਰੀ, ਬਰਾਬਰ ਅਤੇ ਸਸਤੀ ਵਿਦਿਆ ਵਾਲੇ ਵਿਦਿਅਕ ਪ੍ਰਬੰਧ ਪੱਖੀ ਲਹਿਰ ਉਸਾਰਨ ਲਈ ਇਹ ਮੈਗਜ਼ੀਨ ਇੱਕ ਜ਼ਰੀਆ ਹੈ। ਜੋ ਵਿਦਿਆਰਥੀਆਂ ਵਿੱਚ ਪਹਿਲਕਦਮੀ, ਜਿਗਿਆਸਾ, ਹੌਂਸਲਾ, ਜ਼ਜ਼ਬਾ ਭਰ ਕੇ ਵਿਦਿਆਰਥੀਆਂ ਨੂੰ ਸਮਾਜ ਦੇ, ਇਨਕਲਾਬੀ ਸਿਆਸਤ ਦੇ ਨੇਤਾ ਬਣਨ ਦੀ ਪ੍ਰੇਰਨਾ ਦਿੰਦਾ ਹੈ।ਉੁਹਨਾਂ ਕਿਹਾ ਕਿ “ਪਦਮਾਵਤੀ“ ਫਿਲਮ ਤੇ ਬੋਲੋੜਾ ਵਿਵਾਦ, ਚੰਡੀਗੜ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ ਦੀ ਕੋਸ਼ਿਸ਼ ਕਰਨਾ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀਵਾਦੀ ਏਜੰਡੇ ਦਾ ਹਿੱਸਾ ਹੈ, ਇਹ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਕੇ ਉਹਨਾਂ ਵਿੱਚ ਫਿਰਕੂ ਨਿਫਰਤ ਦੇ ਬੀਜ ਬੀਜ ਰਿਹਾ ਹੈ, ਜਿਸ ਦੇ ਖਿਲਾਫ ਸਦਭਾਵਨਾ ਅਤੇ ਜਮਾਤੀ ਏਕਤਾ ਕਾਇਮ ਕਰਨ ਲਈ ਇਹ ਮੈਗਜ਼ੀਨ ਪ੍ਰਕਾਸ਼ਿਤ ਕਰਕੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਂਦਾ ਹੈ। ਅੰਤ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਮੈਗਜ਼ੀਨ ਲੈ ਕੇ ਪੜਨ ਦਾ ਪ੍ਰਣ ਕੀਤਾ।