ਆਮਦਨ ਕਰ ਤੇ ਵਿਜੀਲੈਂਸ ਬਿਓਰੋ ਵਲੋ ਬੇਨਾਮੀ ਜਾਇਦਾਦਾਂ ਤੇ ਲੈਣ-ਦੇਣ ਨੰੂ ਬੇਨਕਾਬ ਕਰਨ ਸਬੰਧੀ ਸਾਂਝੀ ਵਰਕਸ਼ਾਪ

ਚੰਡੀਗੜ 28 ਨਵੰਬਰ(ਜਸ਼ਨ)-ਅੱਜ ਇਥੇ ਜੂਡੀਸ਼ੀਅਲ ਅਕੈਡਮੀ ਵਿਖੇ ਆਮਦਨ ਕਰ ਵਿਭਾਗ ਵਲੋਂ ਪੰਜਾਬ ਵਿਜੀਲੈਂਸ ਬਿਓਰੋ ਅਧਿਕਾਰੀਆਂ ਨਾਲ ਬੇਨਾਮੀ ਜਾਇਦਾਦ ਤੇ ਲੈਣ-ਦੇਣ ਨੰੂ ਬੇਨਕਾਬ ਕਰਨ ਸਬੰਧੀ  ਸਾਂਝੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੰੂ ਬੇਨਾਮੀ ਜਾਇਦਾਦ ਰੋਕੂ ਕਾਨੰੂਨ ਵਿਚ ਹੋਈਆਂ ਨਵੀਂਆਂ ਸੋਧਾ ਅਤੇ ਜਾਰੀ ਹੋਏ ਨਵੇਂ ਨਿਯਮਾਂ ਸਬੰਧੀ ਜਾਣੰੂ ਕਰਵਾਇਆ ਗਿਆ। ਇਸ ਮੌਕੇ ਬੋਲਦੀਆਂ ਆਮਦਨ ਕਰ ਵਿਭਾਗ ਦੀ ਉਤਰ-ਪੱਛਮੀ ਖੇਤਰ ਦੀ ਪ੍ਰਮੁੱਖ ਮੁੱਖ ਕਮਿਸ਼ਨਰ ਮਧੂ ਮਹਾਜਨ ਨੇ ਦੱਸਿਆ ਕਿ ਹਰ ਕਿਸਮ ਦੀਆਂ ਬੇਨਾਮੀ ਜਾਇਦਾਦਾਂ ਦੇ ਖੁਲਾਸੇ ਲਈ ਸਾਲ 2016 ਵਿਚ ਬੇਨਾਮੀ ਜਾਇਦਾਦ ਰੋਕੂ ਕਾਨੰੂਨ ਵਿਚ ਨਵੀਂਆਂ ਸੋਧਾਂ ਅਤੇ ਨਵੇਂ ਨਿਯਮ ਲਾਗੂ ਹੋਏ ਹਨ ਜਿਸ ਨਾਲ ਸਮਰੱਥ ਅਧਿਕਾਰੀ ਅਜਿਹੀਆਂ ਜਾਇਦਾਦਾਂ ਨੰੂ ਜ਼ਬਤ ਕਰਕੇ ਕਬਜੇ ਵਿਚ ਲੈ ਸਕਦੇ ਹਨ। ਉਨਾਂ ਦੱਸਿਆ ਕਿ ਇਸ ਉਦੇਸ਼ ਦੀ ਪੂਰਤੀ ਹਿੱਤ ਵੱਖ-ਵੱਖ ਰਾਜਾਂ ਪ੍ਰਮੁੱਖ ਨਿਰਦੇਸ਼ਕ ਆਮਦਨ ਕਰ ਦੀ ਅਗੁਵਾਈ ਹੇਠ  ਬੇਨਾਮੀ ਰੋਕੂ ਯੂਨਿਟ ਸਥਾਪਤ ਕੀਤੇ ਗਏ ਹਨ ਅਤੇ ਦੇਸ਼ ਵਿਚ ਇਕ ਸਾਲ ਦੇ ਅੰਦਰ-ਅੰਦਰ 300 ਬੇਨਾਮੀ ਜਾਇਦਾਦਾਂ ਨੰੂ ਜ਼ਬਤ ਕੀਤਾ ਜਾ ਚੁੱਕਾ ਹੈ। ਮੇਡਮ ਮਧੂ ਮਹਾਜਨ ਨੇ ਦੱਸਿਆ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਕਾਫੀ ਬੇਨਾਮੀ ਜਾਇਦਾਦਾਂ ਹਨ ਜਿਨਾਂ ’ਤੇ ਵਿਭਾਗ ਦੀ ਪੈਨੀ ਨਜਰ ਹੈ ਜਦਕਿ ਪੰਜਾਬ ਦੇ ਯੂਨਿਟ ਵਲੋਂ ਇਸ ਦਿਸ਼ਾ ਵਿਚ ਇਸੇ ਅਰਸੇ ਦੋਰਾਨ ਮਿਸਾਲੀ ਕਾਰਜ ਕੀਤੇ ਗਏ ਹਨ। ਵਰਕਸ਼ਾਪ ਦੇ ਉਦਘਾਟਨੀ ਭਾਸ਼ਣ ਮੌਕੇ ਪ੍ਰਮੁੱਖ ਨਿਰਦੇਸ਼ਕ ਆਮਦਨ ਕਰ ਪੰਜਾਬ ਤੇ ਜੰਮੂ-ਕਸ਼ਮੀਰ ਪਰਨੀਤ ਸਿੰਘ ਸੱਚਦੇਵ ਨੇ ਦੱਸਿਆ ਕਿ ਸਾਲ 1988 ਵਿਚ ਲਾਗੂ ਹੋਏ ਇਸ ਕਾਨੰੂਨ ਤਹਿਤ ਵਿਭਾਗ ਪਿਛਲੇ 28 ਸਾਲਾਂ ਦੇ ਅਰਸੇ ਦੌਰਾਨ ਬਣਾਈਆਂ ਬੇਨਾਮੀ ਜਾਇਦਾਦਾਂ ਨੰੂ ਵੀ ਖੰਗਾਲ ਸਕਦਾ ਹੈ। ਵਿਜੀਲੈਂਸ ਬਿਓਰੋ ਦੇ ਅਫਸਰਾਂ ਤੇ ਕਰਮਚਾਰੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਵਿਚ ਵੀ ਜਾਣੰੂ ਸਰੋਤਾਂ ਤੋਂ ਵੱਧ ਜਾਇਦਾਦਾਂ ਰੱਖਣ ਅਤੇ ਬੇਨਾਮੀ ਜਾਇਦਾਦਾਂ ਸਬੰਧੀ ਪ੍ਰਭਾਵੀ ਕਾਰਵਾਈ ਲਈ ਆਮਦਨ ਕਰ, ਪੁਲਿਸ ਅਤੇ ਵਿਜੀਲੈਂਸ ਬਿਓਰੋ ਦੇ ਆਪਸੀ ਤਾਲਮੇਲ ਸਦਕਾ ਬਿਹਤਰ ਨਤੀਜੇ ਲਿਆਂਦੇ ਜਾ ਸਕਦੇ ਹਨ। ਂਿੲਸ ਵਰਕਸ਼ਾਪ ਵਿਚ ਭਾਗ ਲੈਣ ਵਾਲਿਆਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੇਨਾਮੀ ਜਾਇਦਾਦ ਕਾਨੰੂਨ ਸਬੰਧੀ ਵੱਖ ਵੱਖ ਵਿਸ਼ਿਆਂ ’ਤੇ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਮੁੱਖ ਨਿਰਦੇਸ਼ਕ ਵਿਜੀਲੈਂਸ ਬਿਓਰੋ ਸ਼੍ਰੀ ਬੀ.ਕੇ.ਉਪਲ, ਨਿਰਦੇਸ਼ਕ ਵਿਜੀਲੈਂਸ ਬਿਓਰੋ ਸ਼੍ਰੀ ਜੀ.ਨਾਗੇਸ਼ਵਰਾ ਰਾਓ, ਆਈ.ਜੀ ਸ਼੍ਰੀ ਸ਼ਿਵੇ ਕੁਮਾਰ ਵਰਮਾ, ਵਧੀਕ ਡਾਇਰੈਕਟਰ ਆਮਦਨ ਕਰ ਰਾਜਿੰਦਰ ਕੌਰ ਅਤੇ ਉਪ ਕਮਿਸ਼ਨਰ ਆਮਦਨ ਕਰ ਰਾਜੀਵ ਵਡੇਰਾ ਸਮੇਤ ਵਿਜੀਲੈਂਸ ਬਿਓਰੋ ਦੇ ਵੱਖ ਵੱਖ ਰੇਜਾਂ ਦੇ ਐਸ.ਐਸ.ਪੀਜ ਅਤੇ ਹੋਰ ਕਰਮਚਾਰੀ ਵੱਡੀ ਗਿਣਤੀ ਵਿਚ ਹਾਜਰ ਸਨ।