ਸ: ਗੋਬਿੰਦ ਸਿੰਘ ਲੌਗੋਵਾਲ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਸ਼੍ਰੀ ਅਮਿ੍ਰਤਸਰ ਸਾਹਿਬ ,29 ਨਵੰਬਰ (ਜਸ਼ਨ)- ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਗਰਮੀਆਂ ਜ਼ੋਰਾਂ ’ਤੇ ਸਨ ਅਤੇ ਵੱਖ ਵੱਖ ਸਿਆਸੀ ਗੁੱਟਬੰਦੀਆਂ ਵੱੱਲੋਂ ਜ਼ੋਰਾਂ ਸ਼ੋਰਾਂ ਨਾਲ ਜਿੱਤ ਦੇ ਝੰਡੇ ਗੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅਖੀਰ ਇਹ ਜ਼ਿੰਮੇਵਾਰੀ ਮੁੜ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਖੇਮੇਂ ਵਿਚ ਹੀ ਰਹੀ ਜਦੋਂ ਪਿਛਲੇ 10 ਸਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਰਹੇ ਸ: ਗੋਬਿੰਦ ਸਿੰਘ ਲੌਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਤਰਾਂ ਕਿਰਪਾਲ ਸਿੰਘ ਬਡੂੰਗਰ ਤੋਂ ਬਾਅਦ ਹੁਣ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣਗੇ। ਸ਼ੋ੍ਰਮਣੀ ਕਮੇਟੀ ਦੇ ਅੱਜ ਦੇ ਸਾਲਾਨਾ ਜਨਰਲ ਇਜਲਾਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਕੁੱਲ 178 ਮਂੈਬਰਾਂ ਵਿਚੋਂ 169 ਮੈਂਬਰ ਹਾਜ਼ਰ ਹੋਏ ਅਤੇ ਚੋਣ ਦੌਰਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਪੰਥਕ ਫਰੰਟ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ ਮਾਤ ਦਿੱਤੀ । ਗੋਬਿੰਦ ਸਿੰਘ ਲੋਂਗੋਵਾਲ ਨੂੰ 154 ਵੋਟਾਂ ਜਦਕਿ ਸੁਖਦੇਵ ਸਿੰਘ ਭੌਰ ਦੀ ਅਗਵਾਈ ਵਿਚ ਪੰਥਕ ਫਰੰਟ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਹਾਸਲ ਹੋਈਆਂ। ਇਸ ਤਰਾਂ ਅੱਜ ਦੀ ਚੋਣ ਮੌਕੇ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਬਾਦਲ ਪਰਿਵਾਰ ਦੇ ਲਿਫਾਫੇ ਵਿਚੋਂ ਨਹੀਂ ਨਿਕਲਿਆ ਸਗੋਂ ਚੁਣੇ ਮੈਂਬਰਾਂ ਨੇ ਚੋਣ ਵਿਚ ਹਿੱਸਾ ਲਿਆ, ਬੇਸ਼ੱਕ ਕਿ ਬੀਤੇ ਦਿਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਕਮੇਟੀ ਮੈਂਬਰਾਂ ਨੇ ਪ੍ਰਧਾਨ ਚੁਣਨ ਲਈ ਸਾਰੇ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਸਨ। ਅੱਜ ਦੀ ਚੋਣ ਦੌਰਾਨ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ,ਹਰਪਾਲ ਸਿੰਘ ਜੱਲਾ ਹਲਕਾ ਪਾਇਲ ਜੂਨੀਅਰ ਮੀਤ ਪ੍ਰਧਾਨ,ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਚੁਣੇ ਗਏ ਜਦਕਿ ਸੱਜਣ ਸਿੰਘ ਬੈਦਵਾਨ,ਭਗਵੰਤ ਸਿੰਘ ਸਿਆਲਦਾ,ਲਖਬੀਰ ਸਿੰਘ ਅਰਾਈਂਵਾਲਾ,ਗੁਰਪ੍ਰੀਤ ਕੌਰ ਕਪੂਰਥਲਾ,ਗੁਰਤੇਜ ਸਿੰਘ ਢੱਡੇ,ਹਰਦੇਵ ਸਿੰਘ ਰੋਗਲਾ,ਰਵਿੰਦਰ ਸਿੰਘ ਚੱਕ ਮੁਕੇਰੀਆਂ,ਗੁਰਮੀਤ ਸਿੰਘ ਤੂਰ,ਬਾਬਾ ਗੁਰਮੀਤ ਸਿੰਘ ਤਿਰਲੋਕੇ,ਨਵਤੇਜ ਸਿੰਘ ਅਤੇ ਅਮਰੀਕ ਸਿੰਘ ਨੂੰ ਅੰਤਰਿਮ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਗਾਤਾਰ 10 ਸਾਲਾਂ ਤੋਂ ਲਗਾਤਾਰ ਉਪ ਪ੍ਰਧਾਨ ਚੱਲੇ ਆ ਰਹੇ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣਾ ਰਾਜਨੀਤਕ ਸਫਰ ਸੰਤ ਹਰਚੰਦ ਦਿੰਘ ਲੌਂਗੋਵਾਲ ਦੇ ਨਾਲ ਸ਼ੁਰੂ ਕੀਤਾ ਸੀ। ਉਹ 1985,1997 ਅਤੇ 2002 ‘ਚ ਧਨੌਲਾ ਤੋਂ ਵਿਧਾਇਕ ਬਣੇ ਅਤੇ ਸੰਨ 2000 ‘ਚ ਬਾਦਲ ਸਰਕਾਰ ਦੇ ਰਾਜ ‘ਚ ਉਹਨਾਂ ਨੇ ਸਿੰਚਾਈ ਮੰਤਰੀ ਦਾ ਅਹੁਦਾ ਸੰਭਾਲਿਆ। 2011 ਦੀਆਂ ਉਪ ਚੋਣਾਂ ‘ਚ ਉਹ ਧੂਰੀ ਤੋਂ ਵਿਧਾਇਕ ਬਣੇ ਅਤੇ ਲੌਂਗੋਵਾਲ ਤੋਂ 2011 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। ਉਹ 1987 ‘ਚ ਮਾਰਕਫੈੱਡ ਦੇ ਚੇਅਰਮੈਨ ਅਤੇ 2009 ‘ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ। ਕਾਂਗਰਸ ਐਮਐਲਏ ਅਰਵਿੰਦ ਖੰਨਾ ਦੇ 2015 ‘ਚ ਅਸਤੀਫੇ ਤੋਂ ਬਾਅਦ, ਲੌਂਗੋਵਾਲ ਨੂੰ ਜਿੱਤ ਮਿਲੀ, ਜਿਸ ਦੌਰਾਨ ਉਹਨਾਂ ਨੇ ਵਿਕਾਸ ਕਾਰਜਾਂ ‘ਚ ਵੱਧ ਚੜ ਕੇ ਹਿੱਸਾ ਪਾਇਆ। ਚਾਹੇ ਗੱਲ ਹਲਕੇ ਦੀਆਂ ਸੜਕਾਂ ਦੀ ਹੋਵੇ ਜਾਂ ਤਹਿਸੀਲ ਇਮਾਰਤ ਦੀ, ਲੌਂਗੋਵਾਲ ਵੱਲੋਂ ਸਰਕਾਰ ਤੋਂ ਮਿਲੀਆਂ ਗ੍ਰਾਂਟਾਂ ਦਾ ਉਪਯੋਗ ਕਰਕੇ ਹਲਕੇ ਦੀ ਰੂਪ ਰੇਖਾ ਬਦਲਣ ‘ਚ ਕੋਈ ਕਸਰ ਨਹੀਂ ਛੱਡੀ ਗਈ । ਚੋਣ ਤੋਂ ਪਹਿਲਾਂ ਬੀਤੇ ਦਿਨਾਂ ਦੀਆਂ ਸਰਗਰਮੀਆਂ ਦੌਰਾਨ ਸੁਖਬੀਰ ਬਾਦਲ ਨੇ ਹਰ ਇਕ ਕਮੇਟੀ ਮੈਬਰ ਨਾਲ ਨਿੱਜੀ ਮੁਲਾਕਾਤ ਕਰਕੇ ਸ਼ੋ੍ਰਮਣੀ ਕਮੇਟੀ ਚੋਣ ਸਬੰਧੀ ਵਿਚਾਰ ਲਏ ਅਤੇ ਇਸੇ ਵਟਾਂਦਰੇ ਦੀ ਬਦੌਲਤ ਅੱਜ ਦੀ ਚੋਣ ਦੌਰਾਨ ਸਿੱਖ ਪੰਥ ਨੂੰ ਸ਼ੋ੍ਰਮਣੀ ਕਮੇਟੀ ਦੀ ਸਮੁੱਚੀ ਨਵੀਂ ਟੀਮ ਦੇਖਣ ਨੂੰ ਮਿਲੀ ਹੈ । ਮੋਗਾ ਜ਼ਿਲੇ ਵਿਚ ਅੱਜ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਦੀ ਚਰਚਾ ਰਹੀ । ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਇਕ ਸ਼ੋ੍ਰਮਣੀ ਕਮੇਟੀ ਮੈਂਬਰ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਲਈ ਨਾਮ ਸੁਝਾਏ ਜਾਣ ਮੌਕੇ ਜਥੇਦਾਰ ਤੋਤਾ ਸਿੰਘ ਦਾ ਨਾਮ ਸ਼ਾਮਲ ਸੀ ਕਿਉਂਕਿ ਉਹ ਪੰਜਾਬ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਸੀਨੀਅਰ ਹਨ ਪਰ ਸ਼ਾਇਦ ਸਿੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਰਹੇ ਹੋਣ ਅਤੇ ਧਾਰਮਿਕ ਅਕੀਦੇ ਦੀ ਪਰਪੱਕਤਾ ਦੇ ਬਾਵਜੂਦ ਉਹਨਾਂ ਖਿਲਾਫ਼ ਅਦਾਲਤੀ ਕੇਸਾਂ ਕਰਕੇ ਜਥੇਦਾਰ ਤੋਤਾ ਸਿੰਘ ਦੀ ਬਜਾਏ ਪੰਥ ਦੀ ਮਹਾਨ ਜ਼ਿੰਮੇਵਾਰੀ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਗਈ। ਬੇਸ਼ੱਕ ਕਿ ਜਥੇਦਾਰ ਤੋਤਾ ਸਿੰਘ ਦੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਬਣਨ ਲਈ ਆਸਵੰਦ ਮੋਗਾ ਜ਼ਿਲੇ ਨਾਲ ਸਬੰਧਤ ਅਕਾਲੀ ਆਗੂ ਅਤੇ ਵਰਕਰ ਰਤਾ ਕੁ ਨਿਰਾਸ਼ ਜ਼ਰੂਰ ਹਨ ਪਰ ਉਹਨਾਂ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਬਲ ਅਤੇ ਦੂਰਅੰਦੇਸ਼ੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਬਣਾਏ ਜਾਣ ਦਾ ਖੁਲੇ ਮਨ ਨਾਲ ਸਵਾਗਤ ਕੀਤਾ ਜਾ ਰਿਹੈ।


