ਸਕੂਲੀ ਬੱਚਿਆਂ ਨੂੰ ਵੰਡੇ ਬੂਟ,ਜ਼ੁਰਾਬਾਂ

*ਐਨ.ਆਰ.ਆਈ. ਕਿਰਨ ਪੰਧੇਰ ਨੇ ਹਰ ਸਾਲ ਬੱਚਿਆਂ ਦੀ ਮਦਦ ਕਰਨ ਦਾ ਲਿਆ ਅਹਿਦ
ਮੋਗਾ, 30 ਨਵੰਬਰ (ਜਸ਼ਨ) ਆਸਟ੍ਰੇਲੀਆ ਰਹਿੰਦੇ ਪਿੰਡ ਸੋਸਣ ਦੇ ਐਨ.ਆਰ.ਆਈ. ਕਿਰਨ ਪੰਧੇਰ ਆਸਟ੍ਰੇਲੀਆ ਵੱਲੋਂ ਭੇਜੀ ਸਹਾਇਤਾ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਸੋਸਣ ਦੇ ਨਰਸਰੀ ਦੇ 50 ਬੱਚਿਆਂ ਤੇ ਪ੍ਰਾਇਮਰੀ ਜਮਾਤਾਂ ਦੇ 84 ਬੱਚਿਆਂ ਲਈ ਬੂਟ, ਦੋ-ਦੋ ਜੋੜੇ ਜ਼ੁਰਾਬਾਂ ਤੇ ਗਰਮ ਟੋਪੀਆਂ ਦੀ ਵੰਡ ਉਹਨਾਂ ਦੇ ਭਰਾ ਚਰਨ ਸਿੰਘ ਮੈਂਬਰ, ਸਰਪੰਚ ਬੂਟਾ ਸਿੰਘ ਬਰਾੜ, ਕਾਂਗਰਸ ਦੇ ਬਲਾਕ ਪ੍ਰਧਾਨ ਤੇ ਸਾਬਕਾ ਸਰਪੰਚ ਹਰਭਜਨ ਸਿੰਘ ਸੇਖੋਂ, ਭਾਰਤੀ ਫੌਜ ਦੇ ਕੈਪਟਨ ਰਣਜੀਤ ਸਿੰਘ, ਐਨ.ਆਰ.ਆਈ. ਬਚਨ ਸਿੰਘ ਪੰਧੇਰ, ਐਨ.ਆਰ.ਆਈ. ਰੁਲਦੂ ਸਿੰਘ ਨੰਬਰਦਾਰ ਤੇ ਸੰਤ ਮਹੇਸ਼ ਮੁਨੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਵੰਤ ਸਿੰਘ ਸਿਵੀਆ, ਹਰਜੀਤ ਪੰਧੇਰ ਤੇ ਹਰਵਿੰਦਰ ਸਿੰਘ ਸਿਵੀਆ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਸਿਹਤ ਵਿਭਾਗ ਦੇ ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਪਿੰਡ ਸੋਸਣ ਦੇ ਪ੍ਰਾਇਮਰੀ ਸਕੂਲ ਵਿੱਚ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਿੰਡ ਦੇ ਹੀ ਨਹੀਂ ਬਲਕਿ ਹੋਰਨਾਂ ਪਿੰਡਾਂ ਦੇ ਪਰਵਾਸੀ ਪੰਜਾਬੀਆਂ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਨੇਡਾ ਦੇ ਐਬਸਫੋਰਡ ਸ਼ਹਿਰ ਰਹਿੰਦੇ ਮਲਕੀਤ ਸਿੰਘ ਲਾਡੀ ਪੰਧੇਰ ਵੱਲੋਂ ਨਰਸਰੀ ਜਮਾਤ ਲਈ ਸਮਾਰਟ ਕਲਾਸ ਰੂਮ ਤਿਆਰ ਕਰਵਾਇਆ ਜਾ ਰਿਹਾ ਹੈ, ਜਿਸ ‘ਤੇ ਹੁਣ ਤੱਕ 1.50 ਲੱਖ ਰੁਪਏ ਖਰਚਾ ਆ ਚੁੱਕਾ ਹੈ ਤੇ ਅਜੇ ਕੰਮ ਚੱਲ ਰਿਹਾ ਹੈ। ਕਿਰਨ ਪੰਧੇਰ ਵੱਲੋਂ ਬੂਟ, ਦੋ-ਦੋ ਜੋੜੇ ਜ਼ੁਰਾਬਾਂ ਤੇ ਗਰਮ ਟੋਪੀਆਂ ਲਈ 25000 ਰੁਪਏ ਦੀ ਸੇਵਾ ਭੇਜੀ ਗਈ ਹੈ। ਉਹਨਾਂ ਕਿਹਾ ਕਿ ਕਿਰਨ ਪੰਧੇਰ ਵੱਲੋਂ ਇਸੇ ਤਰਾਂ ਹਰ ਸਾਲ ਬੱਚਿਆਂ ਦੀ ਮਦਦ ਕਰਨ ਦਾ ਅਹਿਦ ਲਿਆ ਗਿਆ ਹੈ ਤਾਂ ਕਿ ਪਿੰਡ ਦੇ ਬੱਚਿਆਂ ਦੀ ਪੜਾਈ ਸੁਚੱਜੇ ਤਰੀਕੇ ਨਾਲ ਕਰਵਾਈ ਜਾ ਸਕੇ। ਉਹਨਾਂ ਕਿਹਾ ਕਿ ਨਰਸਰੀ ਤੋਂ ਬਾਅਦ ਐਲ.ਕੇ.ਜੀ. ਜਮਾਤ ਸ਼ੁਰੂ ਕਰਨ ਲਈ ਨਵਾਂ ਕਮਰਾ ਤਿਆਰ ਕਰਨ ਮੌਕੇ ਵੀ ਕਿਰਨ ਪੰਧੇਰ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।ਇਸ ਮੌਕੇ ਸਕੂਲ ਮੁਖੀ ਸ਼੍ਰੀ ਮਤੀ ਅੰਮਿ੍ਰਤਪਾਲ ਕੌਰ, ਅਧਿਆਪਕ ਜਤਿੰਦਰ ਸਿੰਘ ਸੰਘਾ, ਅਧਿਆਪਿਕਾ ਰਮਨਦੀਪ ਸ਼ਰਮਾਂ ਤੇ ਨਰਸਰੀ ਜਮਾਤ ਦੇ ਇੰਚਾਰਜ਼ ਅਧਿਆਪਿਕਾ ਕੁਲਵਿੰਦਰ ਕੌਰ ਨੇ ਐਨ.ਆਰ.ਈ. ਕਿਰਨ ਪੰਧੇਰ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਕੌਰ, ਮਨਪ੍ਰੀਤ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।


