ਸੁਖਪਾਲ ਖਹਿਰਾ ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਗਲਤ ਸ਼ਬਦਾਵਲੀ ਵਰਤਣ ’ਤੇ ਕਾਂਗਰਸੀ ਵਰਕਰਾਂ ਕੀਤੀ ਨਿੰਦਾ

ਮੋਗਾ, 30 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਾਂਗਰਸੀ ਨੇਤਾ ਜਗਦੀਪ ਸੀਰਾ ਲੰਢੇਕੇ ਦੀ ਅਗੁਵਾਈ ਵਿੱਚ ਕੀਤੀ ਗਈ। ਇਸ ਮੌਕੇ ਤੇ ਉਨਾਂ ਨਾਲ ਬਲਵੀਰ ਸਿੰਘ ਧੰਮੂ ਚੇਅਰਮੈਨ ਨਿਹਾਲ ਸਿੰਘ ਵਾਲਾ, ਡਾ. ਜੀ.ਐਸ. ਗਿੱਲ, ਦੀਸ਼ਾ ਖੁਖਰਾਣਾ, ਸੁਖਦੇਵ ਸਿੰਘ, ਗੁਰਜੀਤ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਤੇ ਕਾਂਗਰਸੀ ਵਰਕਰਾਂ ਨੇ ਸੁਖਪਾਲ ਸਿੰਘ ਖਹਿਰਾ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਖਹਿਰਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ, ਜੋ ਕਿ ਪੂਰੀ ਪਾਰਟੀ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਦੇ ਹਨ, ਉਨਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਗਲਤ ਸ਼ਬਦਾਵਲੀ ਬੋਲਣਾ ਉਨਾਂ ਦੀ ਮਾਨਸਿਕਤਾ ਨੂੰ ਦਰਸਾਉਦਾ ਹੈ। ਉਨਾਂ ਕਿਹਾ ਕਿ ਖਹਿਰਾ ਦੇ ਇਸ ਵਤੀਰੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਜਗਦੀਪ ਸੀਰਾ ਲੰਢੇਕੇ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਸੁਖਪਾਲ ਖਹਿਰਾ ਨੂੰ ਜੋ ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਵਲੋਂ ਸੰਮਨ ਜਾਰੀ ਕੀਤਾ ਗਿਆ ਸੀ, ਇਹ ਉਸਦੀ ਬੌਖਲਾਹਟ ਦਾ ਹੀ ਨਤੀਜਾ ਹੈ ਕਿ ਖਹਿਰਾ ਆਪੇ ਤੋਂ ਬਾਹਰ ਹੋ ਗਏ ਹਨ। ਇਸ ਮੌਕੇ ਤੇ ਸਾਰੇ ਹੀ ਕਾਂਗਰਸੀ ਵਰਕਰਾਂ ਨੇ ਇਸ ਘਟਨਾ ਦੀ ਘੋਰ ਨਿੰਦਾ ਕੀਤੀ।


