ਪੰਜਾਬ ਦਾ ਇਕ ਹੋਰ ਸਪੂਤ ਸਰਹੱਦ ’ਤੇ ਸ਼ਹੀਦ ,ਗੁਰਦਾਸਪੁਰ ਵਿਚ ਸੋਗ ਦੀ ਲਹਿਰ

ਗੁਰਦਾਸਪੁਰ,5 ਦਸੰਬਰ (ਜਸ਼ਨ)-  ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80 ਫੀਸਦੀ  ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦੀ ਵਿਰਾਸਤ ਨੂੰ ਕਾਇਮ ਰੱਖਦਿਆਂ ਪੰਜਾਬੀ ਸੂਰਮੇਂ ਹੁਣ ਦੁਸ਼ਮਣ ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਨਿਤ ਦਿਨ ਸ਼ਹੀਦੀ ਜਾਮ ਪੀ ਰਹੇ ਹਨ । ਸ਼ਹਾਦਤ ਦੀ ਇਸ ਲੰਬੀ ਲੜੀ ਤਹਿਤ ਅੱਜ ਫਿਰ ਪੰਜਾਬ ਦਾ ਇਕ ਜਵਾਨ ਸ੍ਰੀਨਗਰ ਵਿਖੇ ਸ਼ਹੀਦ ਹੋ ਗਿਆ । ਜੰਮੂ ਕਸ਼ਮੀਰ ਵਿਚ ਤਾਇਨਾਤ 10 ਸਿੱਖ ਬਟਾਲੀਅਨ ਦੇ ਪਲਵਿੰਦਰ ਸਿੰਘ ਦੀ ਮੌਤ ਉਸ ਸਮੇਂ ਹੋਈ ਜਦੋਂ ਡਿੳੂਟੀ ਦੌਰਾਨ ਅੱਤਵਾਦੀਆਂ ਨੇ ਫੌਜ ਦੇ ਜਵਾਨਾਂ ’ਤੇ ਹਮਲਾ ਕੀਤਾ  । ਸ਼੍ਰੀ ਨਗਰ ਤੋਂ 50 ਕਿਲੋਮੀਟਰ ਦੂਰ ਖਾਨੇਵਾਲ ਦੇ ਨਜ਼ਦੀਕ ਹੋਈ ਇਸ ਮੁੱਠਭੇੜ ਦੌਰਾਨ ਪਲਵਿੰਦਰ ਸਿੰਘ ਦੀ ਧੌਣ ’ਤੇ ਗੋਲੀ ਲੱਗੀ ਅਤੇ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਸ਼ਹੀਦ ਹੋ ਗਿਆ। ਸ਼ਹੀਦ ਪਲਵਿੰਦਰ ਸਿੰਘ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਦੇ ਨੇੜਲੇ ਪਿੰਡ ਰਾਏਚੱਕ ਦਾ ਵਾਸੀ ਸੀ ਅਤੇ ਉਸਦੀ ਇਕ ਨੌਂ ਸਾਲ ਦੀ ਬੇਟੀ ਅਤੇ ਛੇ ਸਾਲ ਦਾ ਬੇਟਾ ਹੈ । ਇਸ ਖਬਰ ਦਾ ਪਤਾ ਲੱਗਦਿਆਂ ਹੀ ਜਿਥੇ ਗੁਰਦਾਸਪੁਰ ਜ਼ਿਲੇ ਵਿਚ ਸ਼ੋਕ ਦਾ ਆਲਮ ਹੈ ਉੱਥੇ ਸਮੁੱਚੇ ਪੰਜਾਬ ਵਿਚ ਆਏ ਦਿਨ ਸ਼ਹੀਦ ਹੋ ਰਹੇ ਫੌਜੀ ਜਵਾਨਾਂ ਦੀਆਂ ਸ਼ਾਹਦਤਾਂ ਨੂੰ ਲੈ ਕੇ ਰੋਸ ਵੱਧਦਾ ਜਾ ਰਿਹਾ ਹੈ । ਇਸ ਸਬੰਧੀ ਪਿਛਲੇ ਦਿਨੀਂ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਵਿਖੇ ਸ਼ਹੀਦ ਹੋਏ ਜਸਪ੍ਰੀਤ ਦੇ ਅੰਤਿਮ ਸੰਸਕਾਰ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਈ ਸਾਬਕਾ ਫੌਜੀਆਂ ਨੇ ਮੁੜ ਤੋਂ ਫੌਜ ਵਿਚ ਭਰਤੀ ਹੋਣ ਅਤੇ ਸਰਹੱਦ ’ਤੇ ਤੈਨਾਤ ਹੋ ਕੇ ਸ਼ਹਾਦਤਾਂ ਦੇ ਰਾਹ ਤੁਰਨ ਦੀ ਇੱਛਾ ਪ੍ਰਗਟ ਕੀਤੀ ਸੀ ।