ਵਿਰੋਧੀ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੇ ਹਨ- ਹਰਬੰਸ ਸਮਾਲਸਰ

ਸਮਾਲਸਰ,7 ਦਸੰਬਰ(ਗਗਨਦੀਪ)-ਵਿਰੋਧੀ ਧਿਰਾਂ ਆਪਣੀ ਹਾਰ ਨੂੰ ਯਕੀਨੀ ਦੇਖ ਕੇ ਬੌਖਲਾਹਟ ਵਿੱਚ ਆ ਕੇ ਕਾਂਗਰਸ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਨਾਕਾਮ ਸਾਜਿਸ਼ ਕਰ ਰਹੀਆਂ ਹਨ। ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰ ਵਿੱਚ ਯਕੀਨ ਰੱਖਦੀ ਹੈ ਤੇ ਪਿਛਲੀਆਂ ਚੋਣਾਂ ਵਿੱਚ ਲੋਕਤੰਤਰਿਕ ਢੰਗ ਨਾਲ ਲੋਕਾਂ ਤੋਂ ਵੋਟਾਂ ਲੈ ਕੇ ਇਤਿਹਾਸਕ ਜਿੱਤ ਨਾਲ ਕਾਮਯਾਬ ਸਰਕਾਰ ਚਲਾ ਰਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਸਮਾਲਸਰ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਚੋਣ ਮੈਦਾਨ ਵਿੱਚ ਮੁਕਾਬਲਾ ਕਰਨ ਲਈ ਉਮੀਦਵਾਰਾਂ ਦੀ ਜਬਰਦਸਤ ਘਾਟ ਹੈ। ਕੋਈ ਵੀ ਉਮੀਦਵਾਰ ਵਿਰੋਧੀ ਦਲਾਂ ਦੀ ਟਿਕਟ ਤੇ ਚੋਣ ਲੜ ਕੇ ਆਪਣੀ ਜਮਾਨਤ ਜਬਤ ਕਰਾਉਣ ਲਈ ਤਿਆਰ ਨਹੀਂ ਹੈ। ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਦਾ ਲੋਕਾਂ ਨਾਲ ਪਿਆਰ ਇਸ ਕਦਰ ਗੂੜਾ ਹੈ ਕਿ ਲੋਕ ਕਿਸੇ ਵੀ ਲਾਲਚ ਵਿੱਚ ਵਿਰੋਧੀ ਪਾਰਟੀਆਂ ਨੂੰ ਵੋਟਾਂ ਦੇਣ ਲਈ ਤਿਆਰ ਨਹੀਂ ਹਨ। ਇਸ ਅਸਲੀਅਤ ਤੋਂ ਜਾਣੂ ਵਿਰੋਧੀ ਜਾਣਬੁੱਝ ਕੇ ਕੋਝੀਆਂ ਚਾਲਾਂ ਨਾਲ ਖੁਦ ਹੀ ਚੋਣ ਮੈਦਾਨ ਵਿੱਚੋਂ ਪਿੱਛੇ ਹੱਟਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਲਜਾਮ ਕਾਂਗਰਸ ਸਿਰ ਮੜਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਪਿੜ ਵਿੱਚ ਨਾਮਜਦਗੀ ਕਾਗਜ ਦਾਖਲ ਕਰਨ ਲਈ ਅੱਗੇ ਹੀ ਨਹੀਂ ਆਇਆ ਤਾਂ ਫਿਰ ਉਹ ਕਿਉਂ ਢੰਗ ਰਚ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹਾਲ ਅਕਾਲੀ ਦਲ ਨਾਲ ਹੋਇਆ ਹੈ ਜਿਹਨਾਂ ਵੱਲੋਂ ਸਿਰਫ ਇੱਕ ਉਮੀਦਵਾਰ ਨੇ ਫਾਰਮ ਭਰਨ ਦਾ ਹੌਂਸਲਾ ਵਿਖਾਇਆ ਹੈ। ਵਿਰੋਧੀਆਂ ਨੇ ਆਪਣੀ ਬਚੀ ਖੁਚੀ ਇੱਜਤ ਸੰਭਾਲਣ ਲਈ ਜਾਣਬੁੱਝ ਕੇ ਰੌਲਾ ਪਵਾਇਆ ਤਾਂ ਕਿ ਲੋਕਾਂ ਵਿੱਚ ਸੱਚੇ ਹੋ ਸਕਣ।