ਪੰਜਾਬ ਕੈਬਨਿਟ ਦਾ ਵਿਸਥਾਰ 18 ਦਸੰਬਰ ਤੋਂ ਬਾਅਦ ---ਕੈਪਟਨ ਅਮਰਿੰਦਰ ਸਿੰਘ

ਅੰਮਿ੍ਰਤਸਰ, 07 ਦਸੰਬਰ:(ਜਸ਼ਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪੰਜਾਬ ਕੈਬਨਿਟ ਦਾ ਵਿਸਥਾਰ 18 ਦਸੰਬਰ ਨੂੰ ਗੁਜਰਾਤ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੀਤਾ ਜਾਵੇਗਾ ਅਤੇ ਉਨਾਂ ਨੇ ਨਾਲ ਹੀ ਉੱਪ ਮੁੱਖ ਮੰਤਰੀ ਦੀ ਨਿਯੁਕਤੀ ਕੀਤੇ ਜਾਣ ਨੂੰ ਰੱਦ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਵਿੱਚ ਅਜਿਹੀ ਕੋਈ ਰਵਾਇਤ ਨਹੀਂ ਹੈ।   ਮੁੱਖ ਮੰਤਰੀ ਨੇ ਅੱਜ ਸੂਬੇ ਦੇ ਸ਼ਹਿਰੀ ਵਿਕਾਸ ਲਈ ਕਾਂਗਰਸ ਦਾ ਦਿ੍ਰਸ਼ਟੀ ਪੱਤਰ ਜਾਰੀ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਅੰਮਿ੍ਰਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਉਨਾਂ ਦੀ ਸਰਕਾਰ  ਆਪਣੇ ਬਹੁਤ ਚੋਣ ਵਾਅਦੇ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ ਜਿਸ ਨਾਲ ਮਿਊਂਸਪਲ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਅਸਰ ਪੈ ਸਕਦਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਅੱਠ ਮਹੀਨਿਆਂ ਵਿੱਚ ਸਾਰੇ ਚੋਣ ਵਾਅਦੇ ਲਾਗੂ ਕਰਨਾ ਸੰਭਵ ਹੀ ਨਹੀਂ ਤੇ ਉਹ ਵੀ ਉਸ ਵੇਲੇ ਜਦੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਡੀ ਸਰਕਾਰ ਨੂੰ ਖਾਲੀ ਖਜ਼ਾਨਾ ਵਿਰਾਸਤ ਵਿੱਚ ਦਿੱਤਾ। ਉਨਾਂ ਆਖਿਆ ਕਿ ਸੂਬਾ ਇਸ ਵੇਲੇ ਕਰਜ਼ੇ ਸਮੇਤ ਆਪਣੇ ਵਸੀਲੇ ਜਟਾਉਣ ਲਈ ਜਦੋ-ਜਹਿਦ ਕਰ ਰਿਹਾ ਹੈ ਤਾਂ ਕਿ ਆਪਣੀਆਂ ਜ਼ਿੰਮੇਵਾਰੀਆਂ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰ ਸਕੇ। ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਚੋਣਾਂ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਸਮਾਰਟ ਫੋਨ ਛੇਤੀ ਵੰਡਣੇ ਸ਼ੁਰੂ ਕਰ ਦਿੱਤੇ ਜਾਣਗੇ। ਉਨਾਂ ਆਖਿਆ ਕਿ ਅਸਲ ਵਿੱਚ ਸਾਰੀਆਂ ਚੀਜ਼ਾਂ ਵਸੀਲਿਆਂ ’ਤੇ ਨਿਰਭਰ ਹਨ ਜਿਸ ਦਾ ਪ੍ਰਬੰਧ ਕਰਨ ਨੂੰ ਸਮਾਂ ਲਗਦਾ ਹੈ। ਉਨਾਂ ਆਖਿਆ ਕਿ ਸਨਅਤ ਦੇ ਪੈਰਾਂ ਸਿਰ ਹੋਣ ਨਾਲ ਸੂਬੇ ਲਈ ਵਸੀਲੇ ਪੈਦਾ ਹੋਣ ਨੂੰ ਉਤਸ਼ਾਹ ਮਿਲੇਗਾ ਅਤੇ ਉਨਾਂ ਦੀ ਸਰਕਾਰ ਨੇ ਮਾਰਚ ਮਹੀਨੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 50,000 ਕਰੋੜ ਰੁਪਏ ਦੇ ਸਮਝੌਤੇ ਸਹੀਬੰਦ ਕੀਤੇ ਹਨ। ਜੀ.ਐਸ.ਟੀ. ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਆਖਿਆ ਕਿ ਸਮੱਸਿਆ ਤਾਂ ਇਸ ਨੂੰੂ ਲਾਗੂ ਕਰਨ ਵਿੱਚ ਹੈ ਕਿਉਂ ਜੋ ਕੇਂਦਰ ਸਰਕਾਰ ਵੱਲੋਂ ਸਮੁੱਚੀ ਸਥਿਤੀ ’ਤੇ ਵਿਚਾਰ ਕੀਤੇ ਜਾਣ ਤੋਂ ਬਿਨਾਂ ਹੀ ਇਸ ਨੂੰ ਲਾਗੂ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਆਬਕਾਰੀ ਨੀਤੀ ਵਿੱਚ ਤਬਦੀਲੀ ਕਰਨ ’ਤੇ ਵਿਚਾਰ ਕਰ ਰਹੀ ਹੈ ਜਿਸ ਨੂੰ ਸੂਬੇ ਲਈ ਹੋਰ ਵਧੇਰੇ ਆਕਰਸ਼ਿਤ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਕੇਰਲਾ, ਤਾਮਿਲਨਾਡੂ ਅਤੇ ਰਾਜਸਥਾਨ ਦੀਆਂ ਨੀਤੀਆਂ ਨੂੰ ਵੀ ਘੋਖਿਆ ਜਾ ਰਿਹਾ ਹੈ। ਪੰਜਾਬ ਵਿੱਚ ਅਗਾਮੀ ਮਿਊਂਸਪਲ ਚੋਣਾਂ ਸਬੰਧੀ ਮੁੱਖ ਮੰਤਰੀ ਨੇ ਟਿਕਟਾਂ ਦੀ ਵੰਡ ਵਿੱਚ ‘ਪਰਿਵਾਰਵਾਦ’ ਦੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਆਖਿਆ ਕਿ ਟਿਕਟਾਂ ਦੀ ਵੰਡ ਲਈ ਕਾਇਮ ਕੀਤੀ ਕਮੇਟੀ ਵੱਲੋਂ ਹਾਸਲ ਹੋਈ ਫੀਡਬੈਕ ਦੇ ਆਧਾਰ ’ਤੇ ਹੀ ਕਾਬਲ ਵਿਧਾਇਕਾਂ ਤੇ ਹੋਰ ਵਿਅਕਤੀਆਂ ਦੀ ਚੋਣ ਕੀਤੀ ਜਾ ਰਹੀ ਹੈ। ਗੁਜਰਾਤ ਚੋਣਾਂ ਵਿੱਚ ਕਾਂਗਰਸ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਾਰਟੀ ਦੇ ਸੀਨੀਅਰ ਸਾਥੀ ਪਾਸਿਓਂ ਹਾਸਲ ਹੋਈ ਜਾਣਕਾਰੀ ਮੁਤਾਬਕ ਉਸ ਸੂਬੇ ਵਿੱਚ ਕਾਂਟੇ ਦੀ ਟੱਕਰ ਹੈ ਅਤੇ ਸ਼ਾਂਤ ਬੈਠੇ ਵੋਟਰਾਂ ਵੱਲੋਂ ਸਮੀਕਰਨਾਂ ਵਿੱਚ ਵੱਡਾ ਬਦਲਾਅ ਲਿਆਂਦੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੂੰ ਸਾਗਰੀ ਤੂਫਾਨ ਦੀ ਚੇਤਾਵਨੀ ਦੇ ਕਾਰਨ ਆਪਣੀ ਤਜਵੀਜ਼ਤ ਗੁਜਰਤਾ ਫੇਰੀ ਰੱਦ ਕਰਨੀ ਪਈ। ਉਨਾਂ ਆਖਿਆ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਦਿੱਤੇ ਜਾਣ ਨਾਲ ਚੋਣਾਂ ’ਤੇ ਲਾਜ਼ਮੀ ਤੌਰ ਉੱਤੇ ਹਾਂ-ਪੱਖੀ ਪ੍ਰਭਾਵ ਪਵੇਗਾ। ਗਰਮਖਿਆਲੀ ਤਾਕਤਾਂ ਵੱਲੋਂ ਪੰਜਾਬ ਦੀ ਅਮਨ-ਸ਼ਾਂਤੀ ਤੇ ਸਥਿਰਤਾ ਨੂੰ ਭੰਗ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਅਜਿਹੇ ਤੱਤਾਂ ’ਤੇ ਕਾਰਵਾਈ ਕਰਨ ਲਈ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਤਾਕਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ  ਆਈ.ਐਸ.ਆਈ. ਦੇ ਇਸ਼ਾਰੇ ’ਤੇ ਕੈਨੇਡਾ, ਅਮਰੀਕਾ, ਯੂ.ਕੇ. ਅਤੇ ਜਰਮਨੀ ਸਮੇਤ ਬਾਹਰੀ ਮੁਲਕਾਂ ਤੋਂ ਕੰਮ ਕਰ ਰਹੀਆਂ ਹਨ ਅਤੇ ਹਾਲ ਹੀ ਵਿੱਚ ਕੀਤੀਆਂ ਗਿ੍ਰਫਤਾਰੀਆਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ। ਗਰਮਖਿਆਲੀ ਤਾਕਤਾਂ ਦੀ ਮਦਦ ਕਰਨ ਲਈ ਜੇਲਾਂ ’ਚ ਸਰਗਰਮ ਗੈਂਗਸਟਰਾਂ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਜੇਲਾਂ ਵਿੱਚ 2ਜੀ ਜੈਮਰਾਂ ਨੂੰ 4ਜੀ ਜੈਮਰਾਂ ਵਿੱਚ ਬਦਲਣ ਸਮੇਤ ਸੰਚਾਰ ਵਿਧੀ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਸੂਬੇ ਵਿੱਚ ਕੇਬਲ ਅਧਿਕਾਰਾਂ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਪੱਖਪਾਤੀ ਭੂਮਿਕਾ ਨਹੀਂ ਨਿਭਾਏਗੀ ਸਗੋਂ ਪ੍ਰੈਸ ਦੀ ਆਜ਼ਾਦੀ ਦੇ ਹਿੱਤ ਵਿੱਚ ਹਰੇਕ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਏ ਜਾਣਗੇ। 
ਇਸ ਮੌਕੇ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਓ:ਪੀ: ਸੋਨੀ, ਡਾ: ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਤਰਸੇਮ ਸਿੰਘ ਡੀ:ਸੀ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਅਤੇ ਹੋਰ ਹਾਜ਼ਰ ਸਨ।