ਬੱਚੇ ਦੇ ਦਿਲ ਦਾ ਮੁਫਤ ਸਫਲ ਆਪ੍ਰੇਸ਼ਨ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਸਕੀਮ ਤਹਿਤ ਕਰਵਾਇਆ

ਮੋਗਾ, 7 ਦਸੰਬਰ (ਜਸ਼ਨ)  : ਸਰਕਾਰ ਵੱਲੋਂ ਲੋੜਵੰਦ ਬੱਚਿਆਂ ਦੀ ਭਲਾਈ ਲਈ ਚਲਾਈ ਜਾ ਰਹੀ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਸਕੀਮ ਤਹਿਤ ਬਲਾਕ ਢੁੱਡੀਕੇ ਅਧੀਨ ਪੈਂਦੇ ਪਿੰਡ ਬੁੱਘੀਪੁਰਾ ਦੇ ਬੱਚੇ ਬਲਵਿੰਦਰ ਸਿੰਘ ਦਾ ਮੁਫਤ ਦਿਲ ਦਾ ਆਪ੍ਰੇਸ਼ਨ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਯੁਰਵੈਦਿਕ ਮੈਡੀਕਲ ਅਫਸਰ ਡਾ. ਸਿਮਰਪਾਲ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾਕਟਰ ਸ਼ਿੰਗਾਰਾ ਸਿੰਘ ਬਲਾਕ ਢੁੱਡੀਕੇ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਝ ਸਮਾਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਹੈਲਥ ਚੈਕਅਪ ਕੈਂਪ ਲਗਾਇਆ ਗਿਆ ਸੀ। ਜਿਸ ਦੌਰਾਨ ਪੰਜਵੀਂ ਕਲਾਸ ਦੇ ਬੱਚੇ ਬਲਵਿੰਦਰ ਸਿੰਘ ਨੂੰ ਦਿਲ ਦਾ ਰੋਗ ਹੋਣ ਬਾਰੇ ਪਤਾ ਲੱਗਾ ਸੀ। ਡਾਕਟਰ ਸਿਮਰਪਾਲ ਸਿੰਘ ਨੇ ਦੱਸਿਆ ਕਿ ਬੱਚੇ ਦਾ ਰੈਫਰ ਕਾਰਡ ਬਣਾ ਕੇ ਹੀਰੋ ਹਾਰਟ ਹਸਪਤਾਲ ਲੁਧਿਆਣਾ ਤੋਂ ਤਿੰਨ ਲੱਖ ਦੇ ਖਰਚ ਵਾਲਾ ਇਲਾਜ ਬਿਲਕੁਲ ਮੁਫਤ ਕਰਵਾਇਆ ਗਿਆ ਹੈ ਤੇ ਹੁਣ ਬੱਚਾ ਬਿਲਕੁਲ ਤੰਦਰੁਸਤ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਪੈਰ ਵਿੰਗੇ, ਕੱਟਿਆ ਹੋਇਆ ਬੁੱਲ, ਖੰਡੂ ਤੇ ਦਿਲ ਦੇ ਰੋਗ ਸਮੇਤ 30 ਬੀਮਾਰੀਆਂ ਦਾ ਇਲਾਜ ਮੁਫਤ ਕਰਾਇਆ ਜਾਂਦਾ ਹੈ। ਇਸ ਮੌਕੇ ਬੱਚੇ ਦੇ ਪਿਤਾ ਮੱਖਣ ਸਿੰਘ ਤੇ ਮੁੱਖ ਅਧਿਆਪਕ ਜਤਿੰਦਰ ਕੌਰ ਨੇ ਡਾਕਟਰ ਸਿਮਰਪਾਲ ਤੇ ਸਮੂਹ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਫਾਰਮਾਸਿਸਟ, ਰਣਦੀਪ ਕੌਰ ਤੇ ਮਨਪ੍ਰੀਤ ਕੌਰ ਦੋਵੇਂ ਸਟਾਫ ਨਰਸ, ਮੁੱਖ ਅਧਿਆਪਕ ਜਤਿੰਦਰ ਕੌਰ, ਟੀਚਰ ਸਤਵਿੰਦਰ ਕੌਰ, ਸਿਲਕੀ ਰਾਣੀ, ਕਿਰਨਦੀਪ ਕੌਰ ਆਦਿ ਹਾਜਰ ਸਨ।