ਐਨ.ਸੀ.ਸੀ. ਕੈਡਿਟਾਂ ਨੇ ਕੀਤੀ ਸ਼ਹੀਦ ਜੋਗਿੰਦਰ ਸਿੰਘ ਦੇ ਬੁੱਤ ਦੀ ਸਫਾਈ

ਮੋਗਾ, 9 ਦਸੰਬਰ (ਜਸ਼ਨ): - 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ ਮੌਕੇ ਤੇ ਸੂਬੇਦਾਰ ਮੇਜਰ ਗੁਰਮੀਤ ਸਿੰਘ (ਕੋਕਰੀ) ਦੀ ਅਗਵਾਈ ਵਿੱਚ ਸ਼ਹੀਦ ਸ. ਜੋਗਿੰਦਰ ਸਿੰਘ ਦੇ ਆਦਮ ਬੁੱਤ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਕੋਕਰੀ ਨੇ ਕਿਹਾ ਕਿ ਸਾਨੂੰ ਸ਼ਹੀਦਾ ਦਾ ਪੂਰਨ ਸਨਮਾਨ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਰਕਾਰਾ ਦਾ ਕੰਮ ਹੈ ਬੁੱਤ ਤਿਆਰ ਕਰਨਾ ਅਤੇ ਸਾਡਾ ਸਭ ਦਾ ਫ਼ਰਜ ਹੈ ਕਿ ਉਨਾਂ ਦੀ ਸਾਭ ਸੰਭਾਲ ਕਰਨਾ ਜੋ ਸਾਡੇ ਵਲੋਂ ਉਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਸ਼ਹੀਦ ਆਪਣੀ ਜਿੰਦਗੀ ਤੱਕ ਦੇਸ਼ ਦੀ ਖਾਤਿਰ ਵਾਰ ਦਿੰਦੇ ਹਨ ਇਸ ਲਈ ਇੱਕ ਚੰਗੇ ਨਾਗਰਿਕ ਵਜੋਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀਆਂ ਯਾਦਗਾਰਾਂ ਨੂੰ ਸਾਫ਼ ਸੁਥਰਾ ਰੱਖ ਕੇ ਉਨਾਂ ਦਾ ਮਾਣ ਸਨਮਾਨ ਬਰਕਰਾਰ ਰੱਖੀਏ। ਉਨਾਂ ਐਨ.ਸੀ.ਸੀ. ਕੈਡਿਟਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੈਡਿਟਾਂ ਵਲੋਂ ਬਹੁਤ ਹੀ ਤਨਦੇਹੀ ਨਾਲ ਸਵੱਛਤਾ ਪੰਦਰਵਾੜੇ ਵਿੱਚ ਆਪਣੀ ਡਿੳੂਟੀ ਨਿਭਾਈ ਜਾ ਰਹੀ ਹੈ। ਉਨਾਂ ਕਿਹਾ ਕਿ ਸਾਡਾ ਉਦੇਸ਼ ਦੇਸ਼ ਦੇ ਹਰ ਕੋਨੇ ਕੋਨੇ ਨੂੰ ਸਾਫ਼ ਸੁਥਰਾ ਬਣਾਉਣਾ ਹੈ ਜੋ ਲੋਕਾਂ ਦੇ ਸਹਿਯੋਗ ਤੋਂ ਬਿਨਾ ਅਸੰਭਵ ਹੈ। ਉਨਾਂ ਲੋਕਾਂ ਨੂੰ ਆਪਣਾ ਆਲਾ ਦੁਆਲਾ ਹਮੇਸ਼ਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।


