ਕੌਮਾਂਤਰੀ ਪੱਧਰ ਦੇ ਡੇਅਰੀ ਤੇ ਖੇਤੀਬਾੜੀ ਮੇਲੇ ਦੇ ਦੂਸਰੇ ਦਿਨ ਨਾਮਣਾ ਖੱਟਣ ਵਾਲੇ ਕਿਸਾਨਾਂ ਨੂੰ ਕੀਤਾ ਐਵਾਰਡਾਂ ਨਾਲ ਸਨਮਾਨਿਤ

ਜਗਰਾਓਂ ,10 ਦਸੰਬਰ (ਜਸ਼ਨ)- ਜਗਰਾਉਂ ‘ਚ ਚੱਲ ਰਹੇ ਕੌਮਾਂਤਰੀ ਪੱਧਰ ਦੇ ਡੇਅਰੀ ਅਤੇ ਖੇਤੀਬਾੜੀ ਮੇਲੇ ਦੇ ਦੂਜੇੇ ਦਿਨ ਪੰਜਾਬ ‘ਚ ਡੇਅਰੀ ਧੰਦੇ ਨੂੰ ਉਤਸਾਹਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਨੂੰ ‘ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ’ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਡੇਅਰੀ ਧੰਦੇ ‘ਚ ਪਿਛਲੇ ਲੰਬੇ ਸਮੇਂ ਤੋਂ ਜੁੜੇ ਕਿਸਾਨ ਸੁਖਰਾਜ ਸਿੰਘ ਗੁੜੇ ਨੂੰ ‘ਰਣਧੀਰ ਸਿੰਘ ਰੋਡੇ‘ ਐਵਾਰਡ, ਡੇਅਰੀ ਧੰਦੇ ਨਾਲ ਸਬੰਧਤ ਮਸ਼ੀਨਰੀ ਬਣਾਉਣ ਵਾਲੇ ਨੌਜਵਾਨ ਕੁਲਦੀਪ ਸਿੰਘ ਬਾਘਾ ਪੁਰਾਣਾ ਨੂੰ ‘ਭਗਤ ਧੰਨਾ ਜੀ ਐਵਾਰਡ‘ ਜਦਕਿ ਅਮਰਜੀਤ ਸਿੰਘ ਚੀਮਨਾ, ਗੁਰਮੀਤ ਸਿੰਘ ਗਿੱਲ ਸਦਰਪੁਰਾ ਤੇ ਹਰਦੀਪ ਸਿੰਘ ਹੁਸ਼ਿਆਰਪੁਰ ਨੂੰ ‘ਬੈਸਟ ਡੇਅਰੀ ਕਿਸਾਨ‘ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਇਸ ਧੰਦੇ ਵੱਲ ਉਤਸ਼ਾਹਿਤ ਕਿਸਾਨਾਂ ਨੂੰ ਲੋਨ ਦੇਣ ਵਾਲੀ ਆਈ.ਡੀ.ਬੀ.ਆਈ. ਬੈਂਕ ਨੂੰ ਸ. ਬੋਤਾ ਸਿੰਘ-ਸ. ਗਰਜਾ ਸਿੰਘ‘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਮੇਲੇ ਦੀ ਪ੍ਰਬੰਧਕ ਜਥੇਬੰਦੀ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸਨ (ਪੀ.ਡੀ.ਐਫ.ਏ.) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਕਮੇਟੀ ਮੈਂਬਰਾਂ ਵੱਲੋਂ ਵੰਡੇ ਗਏ । ਇਸ ਮੌਕੇ ਸ. ਦਲਜੀਤ ਸਿੰਘ ਸਦਰਪੁਰਾ ਨੇ ਵੱਡੀ ਗਿਣਤੀ ‘ਚ ਮੇਲੇ ਵਿਚ ਪਹੰੁਚੇ  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੇਲੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਡੇਅਰੀ ਅਤੇ ਖੇਤੀਬਾੜੀ ਦੇ ਧੰਦੇ ‘ਚ ਅੱਗੇ ਵਧਣ ਦੇ ਗੁਰਾਂ ਦਾ ਗਿਆਨ ਆਵੇਗਾ  ਅਤੇ ਉਹ ਇਸ ਖੇਤਰ ਵਿਚ ਅੱਗੇ ਵੱਧ ਸਕਣਗੇ ਅਤੇ ਖੁਦਕੁਸ਼ੀਆਂ ਦੇ ਵਰਤਾਰੇ  ਨੂੰ ਠੱਲ ਪਵੇਗੀ।  ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਹੁਣ ਆਰਥਿਕ ਸੰਕਟ ਦਾ ਸ਼ਿਕਾਰ ਹੈ ਤੇ ਉਸ ਨੂੰ ਹੁਣ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ‘ਡੇਅਰੀ ਫਾਰਮਿੰਗ’ ਨੂੰ ਮੁੱਖ ਧੰਦੇ ਵਜੋਂ ਅਪਣਾ ਕੇ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਕਿਰਸਾਨੀ ਲਾਹੇਵੰਦ ਧੰਦਾ ਬਣ ਸਕੇ।  ਸ. ਸਦਰਪੁਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਹਿੰਮਤੀ ਕਿਸਾਨਾਂ ਦਾ ਖਿਤਾਬ ਜੁੜਿਆ ਹੋਇਆ ਹੈ ਤੇ ਇਥੋਂ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਜਾਂ ਡਿੱਗੇ ਮਨੋਬਲ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਬਲਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਅਪਣਾਉਂਦਿਆਂ ਦੁਨੀਆਂ ਵਿਚ ਆਪਣੀ ਅਲੱਗ ਪਹਿਚਾਣ ਬਣਾਉਣੀ ਚਾਹੀਦੀ ਹੈ । ਉਹਨਾਂ ਆਖਿਆ ਕਿ ਜਗਰਾਓਂ ਵਿਖੇ ਲੱਗੇ ਇਸ ਅੰਤਰਰਾਸ਼ਟਰੀ ਪੱਧਰ ਦੇ ਮੇਲੇ ਵਿਚ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਆਏ ਵਿਦੇਸ਼ੀ ਮਾਹਿਰ ਕਿਸਾਨਾਂ ਲਈ ਰਾਹ ਦਸੇਰਾ ਸਾਬਤ ਹੋ ਰਹੇ ਹਨ । ਸ. ਸਦਰਪੁਰਾ ਨੇ ਦੱਸਿਆ ਕਿ ਇਸ ਮੇਲੇ ਮੌਕੇ ਉਨਾਂ ਕਿਸਾਨਾਂ ਨੂੰ ਐਵਾਰਡ ਦਿੱਤੇ ਜਾਂਦੇ ਹਨ, ਜਿਨਾਂ ਨੇ ਛੋਟੇ ਡੇਅਰੀ ਫਾਰਮ ਤੋਂ ਸ਼ੁਰੂ ਹੋ ਕੇ ਇਸ ਖੇਤਰ ‘ਚ ਰਾਜ ਪੱਧਰ ‘ਤੇ ਨਾਮ ਪੈਦਾ ਕੀਤਾ । ਉਨਾਂ ਐਵਾਰਡ ਪ੍ਰਾਪਤ ਕਰਨ ਵਾਲੇ ਸਮੂਹ ਕਿਸਾਨਾਂ ਨੂੰ ਵਧਾਈ ਵੀ ਦਿੱਤੀ ।ਇਸ ਮੌਕੇ ਪੀ.ਡੀ.ਐਫ.ਏ. ਦੇ ਪ੍ਰੈਸ ਸਕੱਤਰ ਅਜੈਪਾਲ ਸਿੰਘ ਢਿੱਲੋਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਮੇਲੇ ਦੇ ਆਖਰੀ ਦਿਨ ਪੰਜਾਬ ਵਿਧਾਨ ‘ਚ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਪਸ਼ੂ ਮੁਕਾਬਲਿਆਂ ‘ਚੋਂ ਜੇਤੂਆਂ ਦੇ ਮਾਲਕਾਂ ਨੂੰ ਵੀ ਵਿਸ਼ੇਸ਼  ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ । ਅੱਜ ਮੇਲੇ ਦੇ ਦੂਸਰੇ ਦਿਨ ਵੀ ਪੰਜਾਬ ਸਮੇਤ ਬਾਹਰਲੇ ਰਾਜਾਂ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨਾਂ ਨੇ ਪੁੱਜ ਕੇ ਡੇਅਰੀ ਤੇ ਖੇਤੀਬਾੜੀ ਬਾਰੇ ਨਵੀਆਂ ਤਕਨੀਕਾਂ ਨਾਲ ਭਰਪੂਰ ਪ੍ਰਦਰਸ਼ਨੀ ਤੇ ਦੂਸਰੇ ਪਾਸੇ ਚੱਲ ਰਹੇ ਪਸੂਆਂ ਦੇ ਵੱਖ-ਵੱਖ ਮੁਕਾਬਲਿਆਂ ਨੂੰ ਦੇਖਿਆ । ਮੇਲੇ ਮੌਕੇ ਅਮਰੀਕਾ ਤੋਂ ਪੁੱਜੇ ਵਿਦੇਸ਼ੀ ਮੂਲ ਦੇ ਮਾਹਿਰ ਜੱਜ ਬੌਬ ਤੇ ਪੀਟਰ ਨੇ ਐਚ.ਐਫ. ਨਸਲ ਦੀਆਂ ਗਊਆਂ ਦੀ ਜੱਜਮੈਂਟ ਕੀਤੀ।  ਇਸ ਮੌਕੇ ਪੀ.ਡੀ.ਐੱਫ.ਏ. ਦੇ ਆਗੂ ਰਜਿੰਦਰ ਸਿੰਘ ਝਾੜ ਸਾਹਿਬ, ਬਲਵੀਰ ਸਿੰਘ ਨਵਾਂ ਸਹਿਰ, ਰਾਜਪਾਲ ਸਿੰਘ ਕੁਲਾਰ, ਹਰਿੰਦਰ ਸਿੰਘ ਸਾਹਪੁਰ, ਰਣਜੀਤ ਸਿੰਘ ਲੰਗੇਆਣਾ, ਸੁਖਰਾਜ ਸਿੰਘ ਗੁੜੇ, ਬਲਜਿੰਦਰ ਸਿੰਘ ਸਠਿਆਲਾ, ਬਲਰਾਜ ਸਿੰਘ ਮਲਸੀਆਂ, ਰੇਸ਼ਮ ਸਿੰਘ ਭੁੱਲਰ, ਸੁਖਜਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਸੁਖਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਚੌਂਤਰਾ, ਕੰਵਲਪ੍ਰੀਤ ਸਿੰਘ, ਕੁਲਦੀਪ ਸਿੰਘ ਸੇਰੋਂ, ਅਮਨਪ੍ਰੀਤ ਸਿੰਘ, ਗੁਰਬਖਸ ਸਿੰਘ, ਅਵਤਾਰ ਸਿੰਘ ਥਾਵਲਾ, ਕੁਲਦੀਪ ਸਿੰਘ ਮਾਨਸਾ, ਮਨਜੀਤ ਸਿੰਘ ਮੋਹੀ, ਗੁਰਜੀਤ ਸਿੰਘ ਫਾਜਿਲਕਾ, ਗੁਰਚਰਨ ਸਿੰਘ ਬਰਨਾਲਾ ਆਦਿ ਹਾਜ਼ਰ ਸਨ ।