ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਮੋਗਾ ਵਿਖੇ ਪੈਨਸ਼ਨਰਜ਼ ਡੇ 28 ਨੂੰ ਮਨਾਇਆ ਜਾਵੇਗਾ

ਮੋਗਾ,18 ਦਸੰਬਰ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਆਗੂਆਂ ਦੀ ਇੱਕ ਮੀਟਿੰਗ ਬੱਸ ਸਟੈਂਡ ਮੋਗਾ ਵਿੱਚ ਹੋਈ। ਇਸ ਮੌਕੇ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਅਤੇ ਮੁਲਾਜ਼ਮ ਮੰਗਾਂ ਬਾਰੇ ਬਿਲਕੁਲ ਹੀ ਚੁੱਪ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਭਿ੍ਰਸ਼ਟਾਚਾਰ ਪਹਿਲਾਂ ਦੀ ਤਰ੍ਹਾਂ ਹੀ ਹੈ, ਟ੍ਰਾਂਸਪੋਰਟ ਨੀਤੀ ਵੀ ਪ੍ਰਾਈਵੇਟਾਂ ਦੇ ਹੱਕ ਵਿੱਚ ਬਣਾਈ ਗਈ ਹੈ, ਪੰਜਾਬ ਸਰਕਾਰ ਮੁਲਾਜ਼ਮਾਂ ਦੀ ਡੀ.ਏ. ਦੀਆਂ ਦੋ ਕਿਸ਼ਤਾਂ ਵੀ ਨੱਪੀ ਬੈਠੀ ਹੈ, ਪਿਛਲੀਆਂ ਕਿਸ਼ਤਾਂ ਦੇ ਬਕਾਏ ਦੇਣ ਬਾਰੇ ਵੀ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ, ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਕੀਤੇ ਵਾਅਦੇ ਕੀਤੇ ਸੀ ਪਰ ਹੁਣ ਬਿਲਕੁਲ ਹੀ ਸਰਕਾਰ ਮੁੱਕਰ ਗਈ ਹੈ। ਉਹਨਾਂ ਕਿਹਾ ਕਿ ਲਾ-ਐਂਡ ਆਡਰ ਪਹਿਲੀ ਸਰਕਾਰ ਵਾਂਗ ਹੀ ਚੱਲ ਰਹੀ ਹੈ। ਪੇ-ਕਮਿਸ਼ਨ ਬਾਰੇ ਵੀ ਸਰਕਾਰ ਨੇ ਅਜੇ ਤੱਕ ਕੁੱਝ ਨਹੀਂ ਕੀਤਾ ਜਦਕਿ ਕੇਂਦਰ ਦਾ ਪੇ-ਕਮਿਸ਼ਨ 2016 ਤੋਂ ਲਾਗੂ ਹੋ ਚੁੱਕਿਆ ਹੈ, ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤੇ ਤਾਂ ਚੁੱਪ ਚੁਪੀਤੇ ਹੀ ਵਧਾ ਲੈਂਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ, ਉੱਚ ਅਫ਼ਸਰਾਂ ਨੂੰ ਵੀ ਡੀ.ਏ. ਕੇਂਦਰ ਦੇ ਨਾਲ ਹੀ ਦੇ ਦਿੱਤਾ ਜਾਂਦਾ ਹੈ ਪਰ ਦੂਜੇ ਮੁਲਾਜ਼ਮਾਂ ਨੂੰ ਡੀ.ਏ. ਦੇਣ ਵਾਰੀ ਪਤਾ ਨਹੀਂ ਸਰਕਾਰ ਨੂੰ ਕੀ ਸੱਪ ਸੁੰਘ ਜਾਂਦਾ ਹੈ ਸਗੋਂ ਮੁਲਾਜ਼ਮਾਂ ਨੂੰ ਤਾਂ ਕਈ ਕਈ ਮਹੀਨੇ ਤਨਖਾਹ ਤੋਂ ਬਿਨਾਂ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਮੌਕੇ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 28 ਦਸੰਬਰ ਨੂੰ 11 ਵਜੇ ਸ਼ਹੀਦ ਕਾ.ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਪੈਨਸ਼ਨਰਜ਼ ਡੇ ਮਨਾਇਆ ਜਾਵੇਗਾ। ਇਹ ਸਮਾਗਮ 3 ਵਜੇ ਤੱਕ ਚੱਲੇਗਾ ਜਿਸ ਵਿੱਚ ਪੈਨਸ਼ਨਰਜ਼ ਦੇ ਮਸਲਿਆਂ ਤੇ ਵਿਚਾਰ ਚਰਚਾ ਤੋਂ ਇਲਾਵਾ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ। ਇਸ ਸਮਾਗਮ ਵਿੱਚ ਸੂਬਾ ਪੱਧਰੀ ਆਗੂ ਚਰਨ ਸਿੰਘ ਸਰਾਭਾ, ਨਿਰਮਲ ਸਿੰਘ ਧਾਲੀਵਾਲ, ਗੁਰਦੀਪ ਸਿੰਘ ਮੋਤੀ, ਗੁਰਮੇਲ ਸਿੰਘ ਮੈਲਡੇ, ਕੁਲਦੀਪ ਸਿੰਘ ਹੁਸ਼ਿਆਰਪੁਰ, ਬਲਕਾਰ ਵਲਟੋਹਾ ਆਦਿ ਆਗੂ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਪੋਹਲਾ ਸਿੰਘ ਬਰਾੜ, ਭਜਨ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ ਪਾਲੀ, ਬਲਕਰਨ ਮੋਗਾ ਇੰਦਰਜੀਤ ਸਿੰਘ ਭਿੰਡਰ, ਗੁਰਜੰਟ ਕੋਕਰੀ, ਆਦਿ ਆਗੂ ਵੀ ਹਾਜ਼ਰ ਸਨ।


