ਨਗਰ ਨਿਗਮ ਮੋਗਾ ’ਤੇ ਇੰਟਰਨਲ ਵਿਜੀਲੈਂਸ ਵੱਲੋਂ ਛਾਪੇਮਾਰੀ,ਵਿਧਾਇਕ ਡਾ: ਹਰਜੋਤ ਦੀ ਸ਼ਿਕਾਇਤ ’ਤੇ ਵਿਭਾਗ ਨੇ ਕੀਤੀ ਕਾਰਵਾਈ

ਮੋਗਾ, 19 ਦਸੰਬਰ (ਜਸ਼ਨ)-ਤੇ ਅਖੀਰ ਉਹੀ ਗੱਲ ਹੋਈ ਜਿਸ ਦਾ ਡਰ ਪਿਛਲੇ ਕਈ ਦਿਨਾਂ ਤੋਂ ਪਾਇਆ ਜਾ ਰਿਹਾ ਸੀ। ਪਿਛਲੇ ਇਕ ਦਹਾਕੇ ਤੋਂ ਵਿਕਾਸ ਨੂੰ ਤਰਸਦੇ ਮੋਗੇ ਨੂੰ ਆਸ ਬੱਝੀ ਸੀ ਕਿ ਸ਼ਾਇਦ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਮੋਗੇ ਦੇ ਭਾਗ ਜਾਗਣਗੇ ਅਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਮੇਅਰ ਅਕਸ਼ਿਤ ਜੈਨ ਦੀ ਕੈਮਿਸਟਰੀ ਤੋਂ ਜਾਪਦਾ ਸੀ ਕਿ ਜੈਨ ਅਤੇ ਜਥੇਦਾਰ ਧੜਿਆਂ ਦੀ ਆਪਸੀ ਕਸ਼ਮਕੱਸ਼ ਤੋਂ ਖਹਿੜਾ ਛੁੱਟੇਗਾ ਅਤੇ ਮੋਗਾ ਵਾਸੀਆਂ ਦੇ ਦੁੱਖਾਂ ਦਾ ਅੰਤ ਹੋਵੇਗਾ ਪਰ ਅਫਸੋਸ ਇਹ ਖਾਬੋ ਖਿਆਲ ਚਾਰ ਦਿਨ ਦੀ ਚਾਨਣੀ ਸਿੱਧ ਹੋਏ ਅਤੇ ਡਾ: ਹਰਜੋਤ ਕਮਲ ਵੱਲੋਂ ਅਕਾਲੀ ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਤੋਂ ਪੜਤਾਲ ਦੀ ਮੰਗ ਉਠਾਉਣ ਉਪਰੰਤ ਲੋਕਾਂ ਨੂੰ ਇਕ ਵਾਰ ਫਿਰ ਤੋਂ ਵਿਕਾਸ ਕਾਰਜਾਂ ਦੀ ਆਰੰਭਤਾ ’ਤੇ ਪ੍ਰਸ਼ਨ ਚਿੰਨ ਲੱਗਿਆ ਦਿਖਾਈ ਦੇਣ ਲੱਗਾ । ਵਿਧਾਇਕ ਦੀ ਇਸ ਚਾਰਾਜੋਈ ਦੇ ਨਤੀਜੇ ਵਜੋਂ ਵਿਜੀਲੈਂਸ ਵੱਲੋਂ ਆਈ ਟੀਮ ਨੇ ਅੱਜ ਮੋਗਾ ਕਾਰਪੋਰੇਸ਼ਨ ਦੇ ਦਫਤਰ ਵਿਖੇ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਉਹਨਾਂ ਮੀਡੀਆ ਅਤੇ ਆਮ ਲੋਕਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਮੀਡੀਆ ਨੂੰ ਕਿਸੇ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ । ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਨਗਰ ਕੌਂਸਲ ਮੋਗਾ ’ਚ ਹੋਈਆਂ ਬੇਨਿਯਮੀਆਂ ਖਾਸਕਰ ਵਿਕਾਸ ਕਾਰਜਾਂ ਵਿਚ ਵਰਤੇ ਘਟੀਆ ਮਟੀਰੀਅਲ ਅਤੇ ਇੰਟਰਲੌਕ ਟਾਈਲਾਂ ਬਾਰੇ ਵਿਜਿਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਅੱਜ ਦੀ ਇਹ ਰੇਡ ਹੋਈ ਸਮਝੀ ਜਾ ਰਹੀ ਹੈ। ਸ਼ਾਮ ਵੇਲੇ ਇਹ ਅਫਵਾਹ ਵੀ ਸੀ ਕਿ ਇਹ ਛਾਪਾਮਾਰੀ ਗੳੂਸ਼ਾਲਾ ਦੇ ਵਿਵਾਦ ਨੂੰ ਲੈ ਕੇ ਪਹਿਲਾਂ ਗੳੂਸ਼ਾਲਾ ਚਲਾ ਰਹੀ ਸਮਾਜ ਸੇਵੀ ਸੰਸਥਾ ਦੇ ਆਗੂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ ਪਰ ਇਸ ਸਬੰਧ ਵਿਚ ਮੇਅਰ ਅਕਸ਼ਿਤ ਜੈਨ ਫੋਨ ਸਵਿੱਚ ਆਫ ਹੋਣ ਕਰਕੇ ਪੁਸ਼ਟੀ ਨਹੀਂ ਕੀਤੀ ਜਾ ਸਕੀ।

ਅੱਜ ਦੀ ਇਸ ਰੇਡ ਸਬੰਧੀ ਜਦੋਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਨੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੋਗਾ ਨਗਰ ਨਿਗਮ ਦੀ ਢਿੱਲੀ ਕਾਰਗੁਜ਼ਾਰੀ, ਪਿਛਲੇ ਸਮੇਂ ਦੌਰਾਨ ਮਾੜੀ ਗੁਣਵੱਤਾ ਵਾਲੇ ਵਿਕਾਸ ਕਾਰਜਾਂ ਦੀ ਜਾਂਚ ਅਤੇ ਟੈਂਡਰਾਂ ਅਤੇ ਵਰਕ ਆਰਡਰਾਂ ਦੀ ਘੰੁਮਣਘੇਰੀ ਵਿਚੋਂ ਬਾਹਰ ਕੱਢਦਿਆਂ ਮੋਗਾ ਨੂੰ ਵਿਕਾਸ ਦੀ ਲੀਹੇ ਤੋਰਨ ਵਾਸਤੇ ਉਹਨਾਂ ਵੱਲੋਂ ਲੱਖ ਯਤਨ ਕੀਤੇ ਗਏ ਪਰ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ ਗਈ ਜਿਸ ’ਤੇ ਉਹਨਾਂ ਨੇ ਪਹਿਲਾਂ ਵਿਧਾਨ ਸਭਾ ਕਮੇਟੀ ਤੇ ਫਿਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਉਣ ਉਪਰੰਤ ਲਿਖਤੀ ਰੂਪ ਵਿਚ ਸ਼ਿਕਾਇਤ ਕੀਤੀ । ਉਹਨਾਂ ਸਪੱਸ਼ਟ ਕੀਤਾ ਕਿ ਇਹ ਸ਼ਿਕਾਇਤ ਨਾ ਤਾਂ ਕਿਸੇ ਠੇਕੇਦਾਰ ਖਿਲਾਫ਼ ਸੀ ਤੇ ਨਾ ਹੀ ਕਿਸੇ ਅਫਸਰ ਖਿਲਾਫ਼ ਬਲਕਿ ਇਸ ਸ਼ਿਕਾਇਤ ਦੀ ਮੂਲ ਭਾਵਨਾ ਸਿਰਫ਼ ਤੇ ਸਿਰਫ਼ ਮੋਗਾ ਵਾਸੀਆਂ ਨੂੰ ਉਹਨਾਂ ਗਾੜੇ ਖੂਨ ਪਸੀਨੇ ਦੀ ਕਮਾਈ ਦੇ ਦਿੱਤੇ ਟੈਕਸਾਂ ਵਿਚੋਂ ਵਿਕਾਸ ਕਾਰਜਾਂ ਨੂੰ ਆਰੰਭ ਕਰਵਾ ਕੇ ਨਰਕ ਦੀ ਜ਼ਿੰਦਗੀ ਭੋਗ ਰਹੇ ਲੋਕਾਂ ਨੂੰ ਰਾਹਤ ਦਿਵਾਉਣਾ ਸੀ । ਉਹਨਾਂ ਆਖਿਆ ਕਿ ਮੋਗਾ ਹਲਕੇ ਨੇ ਉਹਨਾਂ ਨੂੰ ਜਿਸ ਵਿਸ਼ਵਾਸ਼ ਨਾਲ ਵਿਧਾਇਕ ਦਾ ਰੁਤਬਾ ਬਖਸ਼ਿਆ ਹੈ ਉਹ ਉਸ ਵਿਸ਼ਵਾਸ਼ ’ਤੇ ਖਰਾ ਉਤਰਨ ਲਈ ਦਿ੍ਰੜ ਸੰਕਲਪ ਹੋ ਕੇ ਕੰਮ ਕਰਨਗੇ । ਉਹਨਾਂ ਆਖਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਇਹ ਵਿਜੀਲੈਂਸ ਜਾਂਚ ਕਾਫ਼ੀ ਸਮਾਂ ਪਹਿਲਾਂ ਹੋ ਜਾਣੀ ਸੀ ਤੇ ਇਸ ਦੀ ਆਰੰਭਤਾ ਨਗਰ ਨਿਗਮ ਤੋਂ ਰਿਕਾਰਡ ਮੰਗਵਾਏ ਜਾਣ ਨਾਲ ਹੋ ਚੁੱਕੀ ਸੀ ਪਰ ਸ਼ਾਇਦ ਪੰਜਾਬ ਵਿਚ ਫੌਗ ਅਤੇ ਫਿਰ ਨਗਰ ਕੌਂਸਲ ਚੋਣਾਂ ਕਾਰਨ ਵਿਜਿੀਲੇਂਸ ਟੀਮ ਵੱਲੋਂ ਮੋਗਾ ਦਾ ਦੌਰਾ ਅੱਜ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਵਿਜੀਲੈਂਸ ’ਤੇ ਪੂਰਨ ਵਿਸ਼ਵਾਸ਼ ਹੈ ਅਤੇ ਨਿਰਪੱਖਤਾ ਨਾਲ ਕੀਤੀ ਜਾਂਚ ਉਪਰੰਤ ਮੋਗਾ ਵਾਸੀਆਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।
******* *ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


