ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗੀ ਸ਼ਖਸੀਅਤ ਨਾ ਤਾਂ ਇਤਿਹਾਸ ਵਿੱਚ ਅੱਜ ਤੱਕ ਪੈਦਾ ਹੋਈ ਹੈ,ਨਾ ਹੋਏਗੀ- ਪ੍ਰਿੰਸੀਪਲ ਅੰਬਿਕਾ ਦਾਨੀ

ਧਰਮ ਤੇ ਮਨੁੱਖਤਾ ਦਾ ਬੇਜੋੜ ਉਪਾਸ਼ਕ ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗੀ ਸ਼ਖਸੀਅਤ ਨਾ ਤਾਂ ਵਿਸ਼ਵ ਇਤਿਹਾਸ ਦੇ ਵਿੱਚ ਅੱਜ ਤੱਕ ਪੈਦਾ ਹੋਈ ਹੈ , ਨਾ ਹੀ ਪੈਦਾ ਹੋਏਗੀ।ਜਿਸ ਵਿੱਚ ਸਾਗਰ ਵਰਗੀ ਵਿਸ਼ਾਲਤਾ , ਪ੍ਰਭੂ ਵਰਗੀ ਦਿਆਲਤਾ , ਬਾਦਸ਼ਾਹੀ ਜਲਾਲ ਤੇ ਦਰਵੇਸ਼ਾਂ ਦੇ ਕਮਾਲ , ਤੀਰ ਏ ਰਹਿਮਤ , ਤੀਰ-ਏ- ਕਿਆਮਤ ਦੇ ਮਾਲਿਕ ਸੰਤਾਂ ਦੇ ਉਧਾਰਕ, ਦੁਸ਼ਟਾਂ ਦੇ ਸੰਘਾਰਕ , ਮਜਲੂਮਾਂ ਦੇ ਰੱਖਿਅਕ , ਕਲਮ ਤੇ ਕਿਰਪਾਨ ਦੇ ਧਨੀ , ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਸਰਬੰਸਦਾਨੀ , ਅੰੰਿਮ੍ਰਤ ਦੇ ਦਾਤੇ , ਨੀਲੇ ਘੋੜੇ ਦੇ ਸ਼ਾਹ ਸਵਾਰ ਵਰਗੇ ਗੁਣਾਂ ਦੀ ਸਮੂਲ਼ੀਅਤ ਹੋਏ। 42 ਸਾਲ ਦੀ ਛੋਟੀ ਜੀ ਉਮਰ ਵਿੱਚ ਇੰਨੇ ਮਹਾਨ ਕਾਰਨਾਮੇ ਕੀਤੇ । 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਆਪ ਸ਼ਹਾਦਤ ਲਈ ਭੇਜਣਾ , ਤਲਵਾਰ ਦੀ ਧਾਰ’ਤੇ ਸਿੱਖਾਂ ਦੀ ਪਰਖ ਕਰਕੇ ਅਣਖ ਤੇ ਸਵੈਮਾਣ ਵਾਲੀ ਖਾਲਸਾ ਕੌਮ ਦਾ ਨਿਰਮਾਣ , ਸਾਰਾ ਸਰਬੰਸ ਵਾਰ ਕੇ ਚੜ੍ਹਦੀ ਕਲਾ ਵਿੱਚ ਰਹਿਣਾ , 40 ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿੱਚ 10 ਲੱਖ ਫੌਜਾਂ ਨਾਲ ਟਾਕਰਾ ਕਰਨਾ, ਮੁਰਦਾ ਹੋ ਚੁੱਕੀ ਹਿੰਦ ਕੌਮ ਵਿੱਚ ਨਵੀਂ ਰੂਹ ਫੂਕ ਦੇਣੀ, ਨਵੀ ਜਾਗ੍ਰਿਤੀ ਪੈਦਾ ਕਰਨੀ , ਨੀਵੀਆਂ ਜਾਤਾਂ ਵਿੱਚ ਯੋਧੇ ਪੈਦਾ ਕਰਨੇ, ਕੁਝ ਨਾ ਹੋਣ ਦੇ ਬਾਵਜੂਦ ਵੀ ਔਰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲੈਣਾ , ਕਿਸੇ ਵੀ ਪਾਸਿਓ ਕਰਾਮਾਤ ਤੋਂ ਘੱਟ ਨਹੀਂ ਹੈ ।ਸਮਾਜ ਦੇ ਦੱਬੇ ਕੁਚਲੇ ਵਰਗ ਦੇ ਲੋਕਾਂ ਨੂੰ ਸੀਨੇ ਨਾਲ ਲਾਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗਰੀਬ ਸਿੱਖਾ ਦੇ ਸਿਰ ਉੱਤੇ ਬੰਨ ਕੇ ਕਿਹਾ “ ਇਨ ਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ , ਨਹੀਂ ਮੋ ਸੇ ਗਰੀਬ ਕਰੋਰ ਪਰੇ । ਲਾਲਾ ਦੌਲਤ ਰਾਏ ਜੀ ਨੇ ਆਪਣੀ ਪੁਸਤਕ ਵਿੱਚ ਲਿਖਿਆ ,’ਜੇ ਸਾਰੀ ਸ੍ਰਿਸ਼ਟੀ ਦੀ ਕੁਦਰਤ ਇਕ ਜਗ੍ਹਾ ਇਕੱਠੀ ਹੋਵੇ ,ਸਾਰੀ ਸ੍ਰਿਸ਼ਟੀ ਦੀਆਂ ਖੁਸ਼ਬੂੁਆਂ ਨੂੰ ਇੱਕਠਾ ਕੀਤਾ ਜਾਵੇ, ਸਾਰੀ ਸ੍ਰਿਸ਼ਟੀ ਦੀਆਂ ਚੰਗਿਆਈਆਂ ਇਕ ਜਗ੍ਹਾ ਇਕੱਠੀਆਂ ਕੀਤੀਆ ਜਾਣ , ਸਾਰੀ ਸ੍ਰਿਸ਼ਟੀ ਦੇ ਗੁਣ ਇਕ ਜਗ੍ਹਾ ਇੱਕਠੇ ਕੀਤੇ ਜਾਣ , ਸਾਰੀ ਸ੍ਰਿਸ਼ਟੀ ਦੀ ਤਾਕਤ ਇਕ ਜਗ੍ਹਾ ਇੱਕਠੀ ਕੀਤੀ ਜਾਵੇ ,ਸਾਰੀ ਸ੍ਰਿਸ਼ਟੀ ਦੀਆਂ ਕਲਾਵਾਂ ਇਕ ਜਗ੍ਹਾ ਇੱਕਠੀਆਂ ਕੀਤੀਆਂ ਜਾਣ ਤੇ ਉਸ ਵਿੱਚੋਂ ਜਿਹੜਾ ਮੁਜ਼ੱਸਮਾਂ ਉਭਰੇ , ਉਸ ਦਾ ਨਾਮ ਹੈ ਗੁਰੂੁ ਗੋਬਿੰਦ ਸਿੰਘ “।ਗੁਰੂੁੁ ਗੋਬਿੰਦ ਸਿੰਘ ਜੀ ਦਾ ਜਨਮ 22 ਦਿਸੰਬਰ ਸੰਨ 1666 ਨੂੰ ਮਾਤਾ ਗੁਜਰੀ ਜੀ ਦੀ ਕੁੱਖੋ ਬਿਹਾਰ ਪ੍ਰਾਂਤ ਦੇ ਸ਼ਹਿਰ ਪਟਨਾ ਵਿੱਚ ਹੋਇਆ ।ਆਪ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਢਾਕੇ [ਜੋ ਹੁਣ ਬੰਗਲਾ ਦੇਸ਼ ਦੀ ਰਾਜਧਾਨੀ ਹੈ] ਵਿਖੇ ਸਨ। ਖਬਰ ਸੁਣਦਿਆਂ ਹੀ ਉਨ੍ਹਾਂ ਨੇ ਆਪ ਜੀ ਦਾ ਨਾਂ ਗੋਬਿੰਦ ਰਾਏ ਰੱਖ ਦਿੱਤਾ। ਬਚਪਨ ਦੇ ਪਹਿਲੇ 4 ਸਾਲ ਆਪ ਜੀ ਨੇ ਪਟਨਾ ਵਿਖੇ ਬਿਤਾਏ। ਬਚਿੱਤਰ ਨਾਟਕ ਵਿੱਚ ਗੁਰੁੁ ਜੀ ਦੇ ਜਨਮ ਬਾਰੇ ਵਰਣਨ ਹੈ :
ਹਮ ਇਹ ਕਾਜ ਜਗਤ ਮੋ ਆਏ , ਧਰਮ ਹੇਤ ਗੁਰਦੇਵ ਪਠਾਏ
ਜਹਾਂ ਤਹਾਂ ਤੁਮ ਧਰਮ ਬਿਥਾਰੋਂ ॥ ਦੁਸਟ ਦੋਖੀਅਨਿ ਪਕਰਿ ਪਛਾਰੋ॥
ਯਾਹੀ ਕਾਜ ਧਰਾ ਹਮ ਜਨਮੰ । ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ । ਦੁਸਟ ਸਭਨ ਕੋ ਮੂਲ ਉਪਾਰਨ ॥
ਗੁਰੁੁ ਜੀ ਨੇ 33 ਸਾਲ ਪੰਥ ਦੀ ਅਗਵਾਈ ਕੀਤੀ ।ਗੁਰੂ ਗੋਬਿੰਦ ਸਿੰਘ ਜੀ ਸੱਚੇ ਤਿਆਗੀ ਤੇ ਨਿਸ਼ਕਾਮ ਦੇਸ਼ ਭਗਤ ਸਨ। ਦੂਜਿਆਂ ਦੇ ਲਾਭ ਲਈ ਨਾ ਕੇਵਲ ਪ੍ਰਾਣ ਹੀ ਤਿਆਗੇ , ਜੋ ਕੁੱਝ ਵੀ ਉਨ੍ਹਾਂ ਦਾ ਇਸ ਸੰਸਾਰ ਵਿੱਚ ਸੀ , ਦੇਸ਼ ਭਗਤੀ‘ਤੇ ਲਾ ਦਿੱਤਾ। ਆਪਣੇ ਪਿਤਾ , ਚਾਰ ਸਾਹਿਬਜਾਦੇ , ਪੰਜ ਪਿਆਰੇ ਕੌਮ ਤੋਂ ਵਾਰੇ ।ਆਪਣੀ ਤਾਕਤ ਤੇ ਭੁੱਜ ਬੱਲ ਨੂੰ ਕੌਮ ਦੇ ਲੇਖੇ ਲਾਇਆ। ਆਪਣੀ ਦਿਮਾਗੀ ਸ਼ਕਤੀ ਕੌਮ ਲਈ ਵਕਫ਼ ਕੀਤੀ। ਉਸਾਰੂ ਸਾਹਿਤ ਰਚਿਆ । ਅਪਣੇ ਸਰੀਰ ਤੇ ਜਿਸਮ ਦੇ ਲਹੂ ਨੂੰ ਕੌਮ ਤੋਂ ਨਿਛਾਵਰ ਕੀਤਾ। ਆਪਣੇ ਸੁੱਖ ਚੈਨ ਨੂੰ ਕੌਮ ਤੋਂ ਘੋਲ ਘੁਮਾਇਆ। ਕਿਹੜੀ ਚੀਜ਼ ਸੀ ਜੋ ਕੌਮ ਦੇ ਲਈ ਅਰਪਣ ਨਹੀਂ ਕੀਤੀ। ਇਸ ਵਾਸਤੇ ਹੀ ਭਾਰਤ ਦੇ ਸਭ ਤੋਂ ਵੱਡੇ ਤਿਆਗੀ ਗੁਰੂ ਗੋਬਿੰਦ ਸਿੰਘ ਜੀ ਹਨ। ਗੁਰੂੁੁ ਗੋਬਿੰਦ ਸਿੰਘ ਜੀ ਦਾ ਤਿਆਗ ਨਿਰੋਲ ਕੌਮ ਤੇ ਦੇਸ਼ ਲਈ ਸੀ। ਜਿਸਨੂੰ ਸੱਚਾ ਤਿਆਗ ਆਖਿਆ ਜਾ ਸਕਦਾ ਹੈ। ਉਹ ਉੱਚ ਹੌਸਲੇਂ ਤੇ ਪੱਕੇ ਇਰਾਦੇ ਵਾਲੇ ਸਨ । ਪਿਤਾ ਜੀ ਦੇ ਸ਼ਹੀਦ ਹੋਣ ਪਿੱਛੋਂ ਉਹਨਾਂ ਨੇ ਜੋ ਉਦੇਸ਼ ਕੱਲਪਿਆ ਤੇ ਪ੍ਰਣ ਕੀਤਾ ਆਖਰੀ ਸਵਾਸਾਂ ਤੱਕ ਨਿਭਾਇਆ। ਗੁਰੂੁੁ ਗੋਬਿੰਦ ਸਿੰਘ ਜੀ ਹਿਮਾਲਿਆ ਪਰਬਤ ਵਰਗੇ ਅਹਿੱਲ ਤੇ ਅਚਲ ਸਨ। ਮਾਤਾ ਪਿਤਾ , ਪੁੱਤਰਾਂ ਤੇ ਇਸਤਰੀ ਕਿਸੇ ਦੀ ਜੁਦਾਈ ਨੇ ਵੀ ਉਹਨਾਂ ਦੀ ਹਿੰਮਤ ਨੂੰ ਡੁਲਾਇਆ ਨਹੀਂ । ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਕਦੇ ਥਕਾਵਟ ਮਹਿਸੂਸ ਨਹੀਂ ਕੀਤੀ । ਮੁਸੀਬਤਾਂ , ਦੁੱਖਾਂ , ਔਕੜਾਂ ਤੇ ਮਾਯੂਸੀਆਂ ਨਾਲ ਗੁਰੂੁ ਜੀ ਦੀ ਹਿੰਮਤ ਵਧਦੀ ਗਈ ਤੇ ਚਿਹਰੇ ਤੇ ਲਾਲੀ ਭਖਦੀ ਗਈ । ਅੰਤਲੇ ਸਮਂੇ ਤੱਕ ਆਪਣੇ ਮਿਸ਼ਨ ਤੋਂ ਰੰਚਕ ਮਾਤਰ ਵੀ ਇੱਧਰ ਉੱਧਰ ਨਹੀਂ ਹੋਏ । ਸੰਸਾਰ ਦੇ ਇਤਿਹਾਸ ਵਿੱਚ ਉਹਨਾਂ ਨੇ ਇੱਕ ਮਿਸਾਲ ਕਾਇਮ ਕਰ ਦਿਖਾਈ ਕਿ ਉਹ ਕਿੱਡੇ ਵੱਡੇ ਦਲੇਰ ਤੇ ਦ੍ਰਿੜ ਇਰਾਦੇ ਦੇ ਮਾਲਿਕ ਹਨ।ਇੱਕ ਨਿਪੁੰਨ ਜਰਨੈਲ ਵਾਂਗ ਆਪਣੀ ਕੌਮ ਦੀ ਅਗਵਾਈ ਕਰਦੇ ਸਨ । ਬੜੇ ਹੀ ਚੁਸਤ , ਫੁਰਤੀਲੇ ਤੇ ਜੋਸ਼ੀਲੇ ਸਨ। ਔਰਗਜ਼ੇਬ ਦੇ ਜੁਲਮਾਂ ਤੇ ਪਾਪਾਂ ਅਤੇ ਕੁਕਰਮਾਂ ਨੂੰ ‘ਜਫ਼ਰਨਾਮੇ’ ਰਾਹੀ ਨੰਗਿਆ ਕੀਤਾ। ਗੁਰੁੂੁ ਜੀ ਦੀ ਬਾਣੀ ਤੇ ਬੋਲਾਂ ਵਿੱਚ ਚੁੰਬਕ ਵਾਲੀ ਖਿੱਚ ਤੇ ਮਿਸ਼ਰੀ ਵਰਗੀ ਤਾਸੀਰ ਸੀ । ਉਹ ਆਪਣੇ ਸਿੰਘਾਂ ਨਾਲ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ। ਬਹੁਤ ਪ੍ਰਸਿੱਧ ਵਿਦਵਾਨ ਤੇ ਵਿਦਵਾਨਾਂ ਦੇ ਕਦਰਦਾਨ ਸਨ। 52 ਕਵੀ ਆਪ ਜੀ ਦੇ ਦਰਬਾਰ ਵਿੱਚ ਮੁਲਾਜ਼ਮ ਸਨ।ਉਹ ਮਜ਼ਲੂਮ ਹਿੰਦੂ ਜਾਤੀ ਦੇ ਦਰਦਮੰਦ ਤੇ ਸ਼ੁੱਭਚਿੰਤਕ ਸਨ।ਉਨ੍ਹਾਂ ਦੀ ਸਮੁੱਚੀ ਰਚਨਾ ਤੇ ਜੀਵਨ ਉਦੇਸ਼ਾ ਦਾ ਪ੍ਰਮੁੱਖ ਤੱਤ ਪ੍ਰੇਮ ਸੀ। ਉਹਨਾਂ ਨੇ ਲਿਖਤੀ ਰੂਪ ਵਿੱਚ ਉੱਚੀ ਅਵਾਜ ਵਿੱਚ ਆਖਿਆ :-
ਸਾਚ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਗੁਰੂੁੁ ਜੀ ਨੇ ਆਪਣੇ ਆਪ ਨੂੰ ਅਕਾਲ ਦਾ ਨਿਰਮਾਣ ਸੇਵਕ ਤੇ ਮਾਮੂਲੀ ਸੇਵਕ ਹੀ ਆਖਿਆ। ਖਾਲਸਾ ਧਰਮ ਉਹਨਾਂ ਦੀ ਉਹ ਕਰਾਮਾਤ ਹੈ ਜਿਸ ਰਾਹੀ ਉਹ ਕ੍ਰਿਸ਼ਮੇ ਫੁੱਟੇ ਕਿ ਸਾਰੇ ਸੰਸਾਰ ਦੀਆਂ ਅੱਖਾਂ ਹੀ ਚੁੰਧਿਆ ਗਈਆਂ । ਨਾਮਰਦਾਂ ਨੂੰ ਮਰਦ ਬਣਾਇਆ , ਲੂੰਬੜੀਆਂ ਨੂੰ ਸ਼ੇਰ ਬਣਾਇਆ ਤੇ ਰਸਾਤਲ ਵੱਲ ਜਾਂਦੀ ਹਿੰਦੂ ਕੌਮ ਦੀ ਕਾਇਆਂ ਹੀ ਪਲਟ ਦਿੱਤੀ।
ਵਿਸਾਖੀ ਵਾਲੇ ਦਿਨ 1699 ਨੂੰ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦੀ ਸਾਜਣਾ ਕਰਕੇ ਜੋ ਕਿਹਾ , ਉਹ ਕਰ ਵਿਖਾਇਆ। ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੂੰ ਗਿਣਤੀ ਦੇ ਸਿੰਘਾਂ ਵਿਚ ਨਵੀਂ ਰੂਹ ਭਰ ਕੇ ਲੱਖਾਂ ਦੀ ਗਿਣਤੀ ਵਿਚ ਜੰਗ ਦੇ ਮੈਦਾਨ ਵਿਚ ਮਾਤ ਦਿੱਤੀ। ਜਿੱਥੇ ਉਨ੍ਹਾਂ ਨੇ ਇਤਨੀ ਛੋਟੀ ਉਮਰੇ ਮੁਗਲ ਸਲਤਨਤ ਦੀਆਂ ਜੜ੍ਹਾਂ ਖਤਮ ਕਰ ਦਿੱਤੀਆਂ, ਉਥੇ ਮਹਾਨ ਵਿਦਵਾਨ ਤੇ ਕਵੀ ਹੋਣ ਦੇ ਨਾਤੇ ਉਨ੍ਹਾਂ ਨੇ ਮਹਾਨ ਸਾਹਿਤ ਵੀ ਰਚਿਆ। ਉਨ੍ਹਾਂ ਦੀ ਬਾਣੀ ‘ਚੰਡੀ ਦੀ ਵਾਰ , ਜਫਰਨਾਮਾ ਸਾਹਿਬ , ਬਚਿੱਤਰ ਨਾਟਕ , ਅਕਾਲ ਉਸਤਤਿ , ਜਾਪੁ ਸਾਹਿਬ , ਸਵੰਯੇ , ਹਿਕਾਇਤਾਂ , ਦਸਮ ਗ੍ਰੰਥ’ ਵਿਚ ਸੰਮਲਿਤ ਹਨ। ਉਨ੍ਹਾਂ ਨੇ ਭਾਈ ਮਨੀ ਸਿੰਘ ਤੋਂ 1706 ਵਿਚ ਦਮਦਮਾ ਦਾਸਿਬ [ਤਲਵੰਡੀ ਸਾਬੋ] ਵਿਖੇ ‘ਆਦਿ ਗ੍ਰੰਥ’ ਦੀ ਸੰਪੂਰਤਾ ਕਰਵਾਈ ਅਤੇ ਗੁਰੁ ਗ੍ਰੰਥ ਸਾਹਿਬ ਨੂੰ ਗਿਆਰਵੇਂ ਗੁਰੁ ਦੀ ਪਦਵੀ ਦਿੱਤੀ। ਉਨ੍ਹਾਂ ਨੇ 1708 ਵਿਚ ਨੰਦੇੜ [ਮਹਾਰਾਸ਼ਟਰ] ਜਿੱਥੇ ਅੱਜ ਗੁਰਦੁਆਰਾ ਹਜ਼ੂਰ ਸਾਹਿਬ ਸੁਸ਼ੋਭਿਤ ਹੈ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੇਹ ਧਾਰੀ ਗੁਰੁੂ ਨੂੰ ਗੁਰਗੱਦੀ ਦੇਣ ਦੀ ਬਜਾਏ ਸ਼ਬਦ ਗੁਰੁ ਨੂੰ ‘ਗੁਰੂ’ ਦੀ ਪਦਵੀ ਦੇ ਕੇ ਕਿਹਾ।
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥
ਸਭ ਸੀਖਣ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ॥
ਦਸਮ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਆਗਮਨ ਪੁਰਬ ‘ਤੇ ਸੱਚੀ ਅਕੀਦਤ ਇਹ ਹੈ ਕਿ ਅਸੀਂ ਸੱਚ ਦਾ ਪੱਲਾ ਫੜ ਕੇ ਹਮੇਸ਼ਾ ਦੱਬੇ ਕੁਚਲੇ ਅਤੇ ਮਜ਼ਲੂਮ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈਏ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ਉਪਰ ਚਲਦਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਚੰਗੇ ਅਮਲਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰੀਏ। ਕਿਸੇ ਉਰਦੂ ਦੇ ਕਵੀ ਨੇ ਸ੍ਰੀ ਗੁਰੂੁ ਗੋਬਿੰਦ ਸਿੰਘ ਦੀ ਉਪਮਾ ਵਿਚ ਸੱਚ ਹੀ ਕਿਹਾ ਹੈ
:
ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਰੀਫ਼ ਵੋਹ ਕਮ ਹੈ।
ਪ੍ਰਿੰਸੀਪਲ ਅੰਬਿਕਾ ਦਾਨੀ
ਨੈਸ਼ਨਲ ਕਾਨਵੈਂਟ ਸੀਨੀਅਰ
ਸੈਕੰਡਰੀ ਸਕੂਲ ਮੋਗਾ-142001
ਮੋਬਾਇਲ : 84279-35185
*ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


