ਸਿਹਤ ਵਿਭਾਗ ਮੋਗਾ ਨੇ ਸਕੂਲਾਂ, ਕਾਲਜਾਂ ਵਿੱਚ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ

ਮੋਗਾ,20 ਦਸੰਬਰ (ਜਸ਼ਨ)-ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਜੀ ਦੇ ਆਦੇਸ਼ਾਂ ਤੇ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ: ਮੁਨੀਸ਼ ਅਰੋੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਮੋਗਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਸਵਾਈਨ ਫਲੂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਗੁਰੂ ਨਾਨਕ ਕਾਲਜ਼ ਮੋਗਾ, ਭੁਪਿੰਦਰਾ ਖਾਲਸਾ ਸਕੂਲ ਮੋਗਾ ਅਤੇ ਨੇਚਰ ਪਾਰਕ ਮੋਗਾ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਨੁੱਕੜ ਮੀਟਿੰਗਾਂ ਕਰਕੇ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਅਤੇ ਪੈਂਫਲਿਟ ਵੰਡੇ ਗਏ। ਇਸ ਮੌਕੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਤੁਰੰਤ ਇਲਾਜ਼ ਦੇ ਉਪਰਾਲੇ ਕਰਨ ਦੀ ਜਰੂਰਤ ਹੈ। ਇਹ N1H1 ਨਾਮ ਦੇ ਵਿਸ਼ਾਣੂ ਰਾਹੀਂ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ । ਉਹਨਾਂ ਦੱਸਿਆ ਕਿ ਸਵਾਈਨ ਫਲੂ  ’ਚ ਤੇਜ਼ ਬੁਖਾਰ, ਖਾਂਸੀ ਅਤੇ ਜੁਕਾਮ, ਗਲੇ ਵਿੱਚ ਦਰਦ, ਛਿੱਕਾਂ ਆਉਣੀਆਂ ਅਤੇ ਨੱਕ ਵਗਣਾ, ਸਰੀਰ ਟੁੱਟਣਾ, ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਜਿਹੇ ਲੱਛਣ ਦਿਖਾਈ ਦਿੰਦੇ ਹਨ । ਉਨਾਂ ਕਿਹਾ ਕਿ ਸਾਨੂੰ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਤੇ ਰੁਮਾਲ ਰੱਖਣਾ, ਭੀੜ ਵਾਲੀਆਂ ਥਾਵਾਂ ਤੇ ਨਾ ਜਾਣਾ, ਖੰਘ ਅਤੇ ਵਗਦੇ ਨੱਕ ਵਾਲੇ ਮਰੀਜ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਤਣਾਅ ਮੁਕਤ ਰਹਿਣਾ, ਪੂਰੀ ਨੀਂਦ ਲੈਣਾ, ਬਹੁਤ ਸਾਰਾ ਪਾਣੀ ਪੀਣਾ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸਾਨੂੰ ਕਿਸੇ ਮਰੀਜ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਸਰੀਰਕ ਸੰਪਰਕ ਕਰਨਾ, ਬਾਹਰ ਖੁੱਲੇ ਵਿੱਚ ਥੁੱਕਣਾ ਅਤੇ ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਵਗੈਰਾ ਨਹੀਂ ਲੈਣੀ ਚਾਹੀਦੀ। ਉਹਨਾਂ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਉਪਰੋਕਤ ਲੱਛਣਾ ਵਾਲੇ ਵਿਦਿਆਰਥੀਆਂ ਨੂੰ 5 ਤੋਂ 7 ਦਿਨ ਤੱਕ ਘਰ ਰਹਿਣ ਲਈ ਛੁੱਟੀ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਇਹ ਬਿਮਾਰੀ ਅੱਗੇ ਨਾ ਵਧੇ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01636227005 ਤੇ ਸੰਪਰਕ ਕਰਨ ਲਈ ਵੀ ਕਿਹਾ । ਇਸ ਮੌਕੇ ਉਹਨਾਂ ਦੇ ਨਾਲ ਸ. ਬਚਿੱਤਰ ਸਿੰਘ ਪਿ੍ੰਸੀਪਲ ਖਾਲਸਾ ਸਕੂਲ, ਗਗਨਦੀਪ ਸਿੰਘ ਸੈਨੈਟਰੀ ਇੰਸਪੈਕਟਰ ਸਿਵਲ ਹਸਪਤਾਲ ਮੋਗਾ ਅਤੇ ਵਪਿੰਦਰ ਸਿੰਘ ਇੰਸੈਕਟ ਕੁਲੈਕਟਰ ਹਾਜ਼ਰ ਸਨ ।