ਮਾਨਯੋਗ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਮੁੱਕਰੀ ਆਰੀਆ ਸਕੂਲ ਮੈਨੇਜਮੈਂਟ

ਮੋਗਾ, 21 ਦਸੰਬਰ(ਜਸ਼ਨ)- ਪਿਛਲੇ 78 ਦਿਨਾਂ ਤੋਂ ਆਰੀਆ ਮਾਡਲ ਸਕੂਲ ਵਿੱਚੋਂ ਧੱਕੇ ਨਾਲ ਕੱਢੇ ਗਏ ਮਾਸੂਮ ਬੱਚਿਆਂ ਵੰਸ਼ਿਕਾ ਐਂਡ ਅਦਰਜ਼ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਖਲ ਕੀਤੀ ਗਈ ਸਿਵਲ ਰਿੱਟ ਪਟੀਸ਼ਨ ਤੇ 20 ਦਸਬੰਰ ਨੂੰ ਆਰੀਆ ਮਾਡਲ ਸਕੂਲ ਮੈਨੇਜਮੈਂਟ ਵੱਲੋਂ ਸੀਨੀਅਰ ਐਡਵੋਕੇਟ ਡਾ. ਅਨਮੋਲਰਤਨ ਸਿੰਘ ਸਿੱਧੂ ਕੋਰਟ ਵਿੱਚ ਹਾਜ਼ਰ ਹੋਏ ਤੇ ਸਕੂਲ ਵੱਲੋਂ ਉਹਨਾਂ ਆਪਣਾ ਬਿਆਨ ਦਰਜ ਕਰਵਾਇਆ ਕਿ ਬੱਚਿਆਂ ਨੂੰ ਸਕੂਲ ਵਿੱਚੋਂ ਨਹੀਂ ਕੱਢਿਆ ਗਿਆ ਤੇ ਉਹਨਾਂ ਦਾ ਨਾਮ ਵੀ ਸਕੂਲ ਦਾਖਲਾ ਰਜਿਸਟਰ ਵਿੱਚ ਦਰਜ ਹੈ। ਇਸ ਲਈ ਬੱਚੇ ਜਦ ਮਰਜੀ ਸਕੂਲ ਆਉਣ, ਉਹਨਾਂ ਦਾ ਸਵਾਗਤ ਹੈ । ਇਸ ਆਧਾਰ ਤੇ ਮਾਨਯੋਗ ਜੱਜ ਸਾਹਿਬ ਨੇ ਬੱਚਿਆਂ ਦੇ ਵਕੀਲ ਨੂੰ ਜ਼ੁਬਾਨੀ ਹੁਕਮ ਦਿੱਤੇ ਸਨ ਕਿ ਤੁਸੀਂ ਕੱਲ ਬੱਚਿਆਂ ਨੂੰ ਸਕੂਲ ਭੇਜੋ, ਅਗਰ ਸਕੂਲ ਉਹਨਾਂ ਨੂੰ ਲੈਣ ਤੋਂ ਮਨਾਂ ਕਰਦਾ ਹੈ ਤਾਂ ਕੋਰਟ ਨੂੰ ਸੂਚਿਤ ਕੀਤਾ ਜਾਵੇ । ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਪੀੜਤ ਮਾਪਿਆਂ ਨੇ ਡੀ ਈ ਓ ਮੋਗਾ ਨਾਲ ਸੰਪਰਕ ਕਰਕੇ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਦੀ ਬੇਨਤੀ ਕੀਤੀ । ਡੀ ਈ ਓ ਮੋਗਾ ਨੇ ਉਹਨਾਂ ਨੂੰ ਸਕੂਲ ਪਹੁੰਚਣ ਲਈ ਕਿਹਾ । ਉਹ ਪਹਿਲਾਂ ਤਾਂ ਇੱਕ ਘੰਟਾ ਲੇਟ ਪਹੁੰਚੇ ਤੇ ਫਿਰ ਮੈਨੇਜਮੈਂਟ ਨਾਲ ਗੱਲ ਕਰਨ ਦੇ ਬਹਾਨੇ 45 ਮਿੰਟ ਹੋਰ ਇੰਤਜਾਰ ਕਰਵਾਇਆ ਤੇ ਬਾਹਰ ਆ ਕੇ ਮਾਪਿਆਂ ਨੂੰ ਦੱਸਿਆ ਕਿ ਸਕੂਲ ਮੈਨੇਜਮੈਂਟ ਇਹ ਕਹਿ ਰਹੀ ਹੈ ਕਿ ਜਦ ਤੱਕ ਕੋਰਟ ਦੇ ਆਰਡਰ ਨਹੀਂ ਆਉਂਦੇ, ਅਸੀਂ ਬੱਚਿਆਂ ਨੂੰ ਸਕੂਲ ਵਿੱਚ ਵਾਪਿਸ ਨਹੀਂ ਲੈ ਸਕਦੇ । ਇਸ ਤੇ ਮਾਪੇ ਅਤੇ ਬੱਚੇ ਢਾਈ ਘੰਟੇ ਖੱਜਲ ਖੁਆਰ ਹੋਣ ਤੋਂ ਬਾਅਦ ਵਾਪਿਸ ਘਰਾਂ ਨੂੰ ਚਲੇ ਗਏ । ਇਸ ਸਬੰਧੀ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪੈਟਰਨ ਹਰਭਜਨ ਸਿੰਘ ਬਹੋਨਾ ਨੇ ਕਿਹਾ ਕਿ ਡੀ ਈ ਓ ਮੋਗਾ ਪੂਰੀ ਤਰਾ ਪ੍ਾਈਵੇਟ ਸਕੂਲਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ। ਉਸ ਦੇ ਸਾਹਮਣੇ ਸ਼ਰੇਆਮ ਪਿਛਲੇ 78 ਦਿਨਾਂ ਤੋਂ ਆਰ ਟੀ ਈ ਐਕਟ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਪਰ ਉਹ ਹੱਥ ਤੇ ਹੱਥ ਧਰ ਕੇ ਬੈਠੇ ਹਨ ਤੇ ਹਰ ਵਾਰ ਆਪਣੇ ਇਮਾਨਦਾਰ ਅਤੇ ਯੂਨੀਅਨਿਸਟ ਹੋਣ ਦੀਆਂ ਕਹਾਣੀਆਂ ਸੁਣਾ ਕੇ ਮੋੜ ਦਿੰਦੇ ਹਨ । ਉਹਨਾਂ ਕਿਹਾ ਕਿ ਇਸ ਮਸਲੇ ਵਿੱਚ ਡੀ ਈ ਓ ਮੋਗਾ ਸਿੱਧੇ ਤੌਰ ਤੇ ਦੋਸ਼ੀ ਹੈ ਤੇ ਹੁਣ ਪੇਰੈਂਟਸ ਐਸੋਸੀਏਸ਼ਨ ਡੀ ਈ ਓ ਮੋਗਾ ਤੇ ਨਿੱਜੀ ਤੌਰ ਤੇ ਕੇਸ ਫਾਈਲ ਕਰੇਗੀ । ਉਹਨਾਂ ਕਿਹਾ ਕਿ ਜੇ ਸਕੂਲ ਨੇ ਬੱਚਿਆਂ ਨੂੰ ਕੱਲ ਤੱਕ ਵਾਪਿਸ ਨਾ ਲਿਆ ਤਾਂ ਸਕੂਲ ਮੈਨੇਜਮੈਂਟ ਖਿਲਾਫ ਕੰਟੈਪਟ ਵੀ ਪਾਈ ਜਾਵੇਗੀ । ਇਸ ਮੌਕੇ ਉਹਨਾਂ ਦੇ ਨਾਲ ਪੀੜਤ ਮਾਪੇ ਰਾਜੀਵ ਕੁਮਾਰ, ਵਿਕਰਮਜੀਤ ਸਿੰਗਲਾ, ਗੁਰਮੁਖ ਸਿੰਘ ਅਤੇ ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ ।