ਸਰਕਾਰੀ ਪ੍ਰਾਇਮਰੀ ਸਕੂਲ ‘ਚ ਸਮਾਰਟ ਨਰਸਰੀ ਕਲਾਸਾਂ ਸ਼ੁਰੂ ਕਰਕੇ ਮਿਸਾਲ ਕਾਇਮ ਕੀਤੀ

ਮੋਗਾ, 22 ਦਸੰਬਰ (ਜਸ਼ਨ) ਜਿਲੇ ਦੇ ਪਿੰਡ ਸੋਸਣ ਦੇ ਪਰਵਾਸੀ ਪੰਜਾਬੀਆਂ ਨੇ ਬਹੁਤ ਹੀ ਖੂਬਸੂਰਤ ਸਮਾਰਟ ਕਲਾਸਰੂਮ ਤਿਆਰ ਕਰਵਾਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਾਰਟ ਨਰਸਰੀ ਕਲਾਸਾਂ ਸ਼ੁਰੂ ਕਰਕੇ ਮਿਸਾਲ ਕਾਇਮ ਕੀਤੀ ਹੈ। ਕਮਰੇ ਨੂੰ 1.55 ਲੱਖ ਰੁਪਏ ਖਰਚ ਕੇ ਨਵੀਂ ਦਿੱਖ ਦਿੱਤੀ ਗਈ ਹੈ। ਟਾਈਲਾਂ ਦੀ ਫਰਸ਼ ਅਤੇ ਕਾਨਫਰੰਸ ਰੂਮ ਵਰਗਾ ਗੋਲ-ਮੇਜ ਫਰਨੀਚਰ ਬੱਚਿਆਂ ਦੇ ਬੈਠਣ ਲਈ ਲਾਇਆ ਗਿਆ ਹੈ ਜਦਕਿ ਛੱਤ ਅਤੇ ਕੰਧਾਂ ‘ਤੇ ਚਿੱਤਰਕਾਰੀ ਕਰਕੇ ਕਾਰਟੂਨ, ਸੂਰਜੀ ਪਰਿਵਾਰ, ਪੇਂਡੂ ਖੇਡਾਂ ਕੋਟਲਾ ਛਪਾਕੀ/ਪਤੰਗਬਾਜੀ/ਅੱਡਾ ਖੱਡਾ/ਕਬੱਡੀ/ਗੁੱਲੀ ਡੰਡਾ ਆਦਿ ਤੋਂ ਇਲਾਵਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੀ ਵਰਣਮਾਲਾ ਨਾਲ ਕਮਰੇ ਨੂੰ ਮਨਮੋਹਕ ਬਣਾਇਆ ਗਿਆ ਹੈ। ਨਰਸਰੀ ਕਲਾਸ ਨੂੰ 55 ਇੰਚ ਵਾਲੀ ਵੱਡ ਅਕਾਰੀ ਸਮਾਰਟ ਐਲ.ਈ.ਡੀ. ਲਾ ਕੇ ਬੱਚਿਆਂ ਨੂੰ ਵੀਡੀਉ ਰਾਹੀਂ ਪੜਾਈ ਕਰਵਾਈ ਜਾ ਰਹੀ ਹੈ।ਇਹ ਸਾਰਾ ਕੁਝ ਸੰਭਵ ਹੋਇਆ ਪਿੰਡ ਦੇ ਕਨੇਡਾ ਰਹਿੰਦੇ ਐਨ.ਆਰ.ਆਈ. ਮਲਕੀਤ ਸਿੰਘ ਲਾਡੀ ਪੰਧੇਰ ਵੱਲੋਂ ਭੇਜੀ ਮਦਦ ਨਾਲ ਅਤੇ ਸਿਹਤ ਵਿਭਾਗ ਮੋਗਾ ਦੇ ਬੀ.ਈ.ਈ. ਰਛਪਾਲ ਸਿੰਘ ਸੋਸਣ ਦੀ ਹਿੰਮਤ ਸਦਕਾ। ਅੱਜ ਸਮਾਰਟ ਕਲਾਸਰੂਮ ਦੇ ਰਸਮੀ ਉਦਘਾਟਨ ਮੌਕੇ ਸਕੂਲ ਦੇ ਅਧਿਆਪਕਾਂ ਅੰਮਿ੍ਰਤਪਾਲ ਕੌਰ, ਜਤਿੰਦਰ ਸਿੰਘ ਸੰਘਾ, ਰਮਨਦੀਪ ਕੌਰ ਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਲਾਡੀ ਪੰਧੇਰ ਵੱਲੋਂ 1.55 ਲੱਖ ਨਾਲ ਕਮਰੇ ਦਾ ਹੁਲੀਆ ਬਦਲਿਆ ਗਿਆ ਹੈ ਜਦਕਿ 38000 ਰੁਪਏ ਖਰਚ ਕੇ ਐਲ.ਈ.ਡੀ. ਲਾਈ ਗਈ ਹੈ। ਉਹਨਾਂ ਦੱਸਿਆ ਕਿ ਪਰਵਾਸੀ ਪੰਜਾਬੀ ਚਮਕੌਰ ਸਿੰਘ ਗਰੇਵਾਲ ਵੱਲੋਂ ਇੱਕ ਲੱਖ ਰੁਪਏ ਦੇ ਟੋਪੀ, ਬੂਟ ਜ਼ੁਰਾਬਾਂ ਸਮੇਤ ਟਰੈਕ ਸੂਟ ਦਿੱਤੇ ਗਏ ਹਨ ਜਦਕਿ ਕਿਰਨਦੀਪ ਪੰਧੇਰ ਆਸਟਰੇਲੀਆ ਵੱਲੋਂ 25000 ਰੁਪਏ ਖਰਚ ਕੇ ਬੂਟ, ਦੋ-ਦੋ ਜੋੜੇ ਜ਼ੁਰਾਬਾਂ, ਟੋਪੀਆਂ ਦਿੱਤੀਆਂ ਗਈਆਂ ਹਨ। ਇਸੇ ਤਰਾਂ ਪਿੰਡ ਬੁੱਟਰ ਕਲਾਂ ਦੇ ਵਿੰਨੀਪੈੱਗ ਰਹਿੰਦੇ ਪਰਵਾਸੀ ਪੰਜਾਬੀ ਰਮਨਦੀਪ ਸਿੰਘ ਢਿੱਲੋਂ ਵੱਲੋਂ ਸਕੂਲ ਨੂੰ ਲੈਪਟਾਪ ਦਾਨ ਕੀਤਾ ਗਿਆ ਹੈ ਜਦਕਿ ਐਬਸਫੋਰਡ ਰਹਿੰਦੇ ਜਗਸੀਰ ਸਿੰਘ ਸੀਰਾ ਪੰਧੇਰ, ਗੁਰਪ੍ਰੀਤ ਸਿੰਘ ਗੋਪੀ ਪੰਧੇਰ ਤੇ ਹਰਪ੍ਰੀਤ ਸਿੰਘ ਹੈਪੀ ਪੰਧੇਰ ਵੱਲੋਂ 20 ਹਜ਼ਾਰ ਰੁਪਏ, ਪਿੰਡ ਰਾਮਗੜ ਸਿਵੀਆ ਦੇ ਐਬਸਫੋਰਡ ਰਹਿੰਦੇ ਪਰਵਾਸੀ ਪੰਜਾਬੀ ਗੁਰਦੀਪ ਸਿੰਘ ਸਿਵੀਆ ਵੱਲੋਂ 10 ਹਜ਼ਾਰ ਰੁਪਏ ਨਰਸਰੀ ਕਲਾਸ ਦੀਆਂ ਕਿਤਾਬਾਂ ਲਈ ਭੇਜੇ ਗਏ ਹਨ। ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ ਵਾਲੇ ਗੁਰਪ੍ਰੀਤ ਸਿੰਘ ਚੰਦਬਾਜਾ ਵੱਲੋਂ ਸਾਰੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਤੇ 13 ਬੱਚਿਆਂ ਨੂੰ ਬੈਗ ਦਿੱਤੇ ਗਏ ਹਨ।
ਸਮਾਰਟ ਕਲਾਸ ਦੇ ਉਦਘਾਟਨ ਮੌਕੇ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਜਸਪਾਲ ਸਿੰਘ ਔਲਖ, ਪੜੋ ਪੰਜਾਬ ਦੇ ਜਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਮਨਜੀਤ ਸਿੰਘ, ਲੈਕਚਰਾਰ ਦੀਪਕ ਕੁਮਾਰ, ਡਾ. ਬਲਰਾਜ ਸਿੰਘ, ਕਿਰਨਦੀਪ ਕੌਰ ਮਾਨ, ਗੁਰਪ੍ਰੀਤ ਸਿੰਘ ਚੰਦਬਾਜਾ, ਬੇਅੰਤ ਸਿੰਘ, ਰਾਜਿੰਦਰ ਸਿੰਘ ਮੰਗੇਵਾਲਾ, ਪਵਨਦੀਪ ਸਿੰਘ ਭੇਖਾ, ਸੁਨੀਤਾ ਰਾਣੀ ਤੇ ਵਿਨੈ ਕੁਮਾਰ ਵੱਲੋਂ ਪਿੰਡ ਵਾਸੀਆਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਜਦਕਿ ਸਰਪੰਚ ਬੂਟਾ ਸਿੰਘ ਬਰਾੜ, ਕਾਂਗਰਸ ਦੇ ਬਲਾਕ ਪ੍ਰਧਾਨ ਤੇ ਸਾਬਕਾ ਸਰਪੰਚ ਹਰਭਜਨ ਸਿੰਘ ਸੇਖੋਂ,, ਲਾਡੀ ਪੰਧੇਰ ਦੇ ਭਰਾ ਚਰਨ ਸਿੰਘ ਪੰਧੇਰ ਮੈਂਬਰ ਪੰਚਾਇਤ, ਮੈਂਬਰ ਆਤਮਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭੰਗੜਾ, ਗਿੱਧਾ ਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਖੂਬ ਰੰਗ ਬੰਨਿਆ ।


