ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ-ਬੇਟੀ ਪੜਾਓ ‘ਸਕੀਮ ਤਹਿਤ ਕਰਵਾਏ ਜਾਣਗੇ ਨੁੱਕੜ ਨਾਟਕ-ਹਰਪ੍ਰੀਤ ਸਿੰਘ ਅਟਵਾਲ

ਮੋਗਾ 22 ਦਸੰਬਰ(ਜਸ਼ਨ)-ਜ਼ਿਲਾ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ-ਬੇਟੀ ਪੜਾਓ ‘ ਸਕੀਮ ਤਹਿਤ ਆਮ ਲੋਕਾਂ ਨੂੰ ਭਰੂਣ ਹੱਤਿਆ ਖਿਲਾਫ਼ ਜਾਗਰੂਕ ਕਰਨ ਅਤੇ ਲੜਕੀਆਂ ਦੀ ਜਨਮ ਦਰ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਨੁੱਕੜ ਨਾਟਕ ਕਰਵਾਏ ਜਾਣਗੇ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਸ. ਹਰਪ੍ਰੀਤ ਸਿੰਘ ਅਟਵਾਲ ਨੇ ‘ਬੇਟੀ ਬਚਾਓ-ਬੇਟੀ ਪੜਾਓ‘ ਜਾਗਰੂਕਤਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ‘ਬੇਟੀ ਬਚਾਓ-ਬੇਟੀ ਪੜਾਓ ‘ ਸਕੀਮ ਬਾਰੇ ਜ਼ਿਲੇ ਦੇ ਲੋਕਾਂ ਨੂੰ ਜਾਗੂਰਕ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਨਾਟਕ ਮੰਡਲੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਖਿਲਾਫ਼ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਸਕੀਮ ਤਹਿਤ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਨੁੱਕੜਾਂ ਨਾਟਕਾਂ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਉਪ ਜ਼ਿਲਾ ਸਿੱਖਿਆ ਅਫ਼ਸਰ (ਐ ਸਿੱ) ਜਸਪਾਲ ਸਿੰਘ ਔਲਖ ਨੂੰ ਇਸ ਮਕਸਦ ਲਈ ਜ਼ਿਲੇ ਦੇਂ ਸਕੂਲਾਂ ਨਾਲ ਤਾਲ-ਮੇਲ ਕਰਕੇ ਯੋਜਨਾ ਉਲੀਕਣ ਦੀ ਹਦਾਇਤ ਕੀਤੀ। ਉਨਾਂ ਵੱਖ-ਵੱਖ ਸਕੂਲਾਂ ਤੋਂ ਆਏ ਪਿ੍ਰੰਸੀਪਲ ਸਾਹਿਬਾਨਾਂ/ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਭਰੂਣ ਹੱਤਿਆ ਵਿਸ਼ੇ ‘ਤੇ ਵਿਦਿਆਰਥੀਆਂ ਦੀਆਂ ਨੁੱਕੜ ਨਾਟਕ ਟੀਮਾਂ ਤਿਆਰ ਕਰਵਾਈਆਂ ਜਾਣ, ਤਾਂ ਜੋ ਆਉਂਦੇ ਦਿਨਾਂ ‘ਚ ਲੋਕਾਂ ਨੂੰ ਭਰੂਣ ਹੱਤਿਆ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਮੰਤਵ ਲਈ ਜ਼ਿਲਾ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਲੜਕੀਆਂ ਦੇ ਜਨਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਮੀਟਿੰਗ ਵਿੱਚ ਉਪ ਜ਼ਿਲਾ ਸਿੱਖਿਆ ਅਫ਼ਸਰ (ਐ ਸਿੱ) ਜਸਪਾਲ ਸਿੰਘ ਔਲਖ, ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਰਾਣਾ ਗੁਰਬਰਿੰਦਰ ਕੌਰ, ਜ਼ਿਲਾ ਨਾਜ਼ਰ ਪ੍ਰਵੀਨ ਕੁਮਾਰ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਪਿ੍ਰੰਸੀਪਲ/ਮੁੱਖ ਅਧਿਆਪਕ ਤੇ ਅਧਿਆਪਕ ਹਾਜ਼ਰ ਸਨ।