4 ਮਾਰਗੀ ਸੜਕ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇਗਾ,ਸਭ ਦੇ ਸਾਥ ਅਤੇ ਯੋਗਦਾਨ ਨਾਲ ਨਮੂਨੇ ਦਾ ਸ਼ਹਿਰ ਬਣਾਵਾਂਗੇ: ਡਾ. ਹਰਜੋਤ

ਮੋਗਾ, 25 ਦਸੰਬਰ (ਜਸ਼ਨ)  : ਮੋਗਾ ਵਿਖੇ ਬਣਨ ਵਾਲੀ 4 ਮਾਰਗੀ ਸੜਕ ਦਾ ਕੰਮ ਜੋਕਿ 2014 ਵਿੱਚ ਮੁਕੰਮਲ ਹੋਣਾ ਸੀ,  ਪਰ ਕੁਝ ਕਾਰਨਾਂ ਕਰਕੇ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਇਸ ਸਬੰਧੀ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦੱਸਿਆ ਕਿ ਜਦੋਂ ਤੋਂ ਉਹ ਮੋਗਾ ਦੇ ਐਮ.ਐਲ.ਏ. ਬਣੇ ਹਨ ਉਦੋਂ ਤੋਂ ਹੀ ਉਨਾਂ 4 ਮਾਰਗੀ ਸੜਕ ਦੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ ਰੋਡ ਟ੍ਰਾਂਸਪੋਰਟ ਅਤੇ ਹਾਈਵੇ ਮਨਿਸਟਰ ਸ਼੍ਰੀ ਨਿਤੀਨ ਗਡਕਰੀ ਜੀ ਨੂੰ ਪੱਤਰ ਲਿਖ ਕੇ ਇਸ ਕੰਮ ਨੂੰ ਜਲਦ ਨੇਪਰੇ ਚਾੜਨ ਲਈ ਪਹੁੰਚ ਕੀਤੀ ਅਤੇ ਇਸਤੋਂ ਬਾਅਦ ਵਿੱਚ ਪੰਜਾਬ ਦੇ ਪੀ.ਡਬਲਯੂ. ਡੀ. ਸੈਕਟਰੀ ਹੁਸਨ ਲਾਲ  ਅਤੇ ਡਿਪਟੀ ਕਮਿਸ਼ਨਰ ਮੋਗਾ ਨਾਲ ਮੁਲਾਕਾਤ ਕਰਕੇ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਂਦਾ ਸੀ। ਡਾ. ਹਰਜੋਤ ਨੇ ਦੱਸਿਆ ਕਿ 4  ਮਾਰਗੀ ਸੜਕ ਬਣਾਉਣ ਵਾਲੀ ਕੰਪਨੀ ਦੇ ਸ਼ੁਭਾਸ਼ ਚੰਦਰਾ  ਨੂੰ ਇਸ ਮਾਮਲੇ ਸਬੰਧੀ ਜਾਣੂ ਕਰਵਾਇਆ ਸੀ, ਜਿਸਤੋਂ ਬਾਅਦ ਉਨਾਂ ਆਪ ਏਥੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਸੀ ਅਤੇ ਉਨਾਂ ਨੂੰ ਭਰੋਸਾ ਦਵਾਇਆ ਸੀ ਕਿ 4 ਮਾਰਗੀ ਸੜਕ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ 31 ਦਸੰਬਰ ਤੱਕ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਡਾ. ਹਰਜੋਤ ਨੇ ਕਿਹਾ ਕਿ 4 ਮਾਰਗੀ ਸੜਕ ਦਾ ਕੰਮ ਬਹੁਤ ਹੀ ਵੱਡਾ ਪ੍ਰੋਜੈਕਟ ਹੈ ਅਤੇ ਇਸਨੂੰ ਨੇਪਰੇ ਚਾੜਨ ਲਈ ਕੁਝ ਸਮਾਂ ਜਿਆਦਾ ਲੱਗ ਸਕਦਾ ਹੈ ਅਤੇ ਉਨਾਂ ਇਸ ਕੰਮ ਪ੍ਰਤੀ ਆਪਣੀ ਤਸੱਲੀ ਵੀ ਪ੍ਰਗਟ ਕੀਤੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਇਸ 4 ਮਾਰਗੀ ਸੜਕ ਬਣਨ ਲਈ ਲੋਕਾਂ ਨੇ ਬਹੁਤਾ ਲੰਬਾ ਸਮਾਂ ਇੰਤਜਾਰ ਕੀਤਾ ਹੈ, ਹੁਣ ਥੋੜਾ ਸਮਾਂ ਉਨਾਂ ਨੂੰ ਦੇਣ ਕਿਉਕਿ ਉਹ ਇਸ ਕੰਮ ਨੂੰ ਉਹ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਹਨ ਅਤੇ ਆਉਣ ਵਾਲੇ ਮਹੀਨੇ ਵਿੱਚ ਇਸ ਕੰਮ ਨੂੰ ਮੁਕੰਮਲ ਕਰਵਾ ਦਿੱਤਾ ਜਾਵੇਗਾ। ਡਾ. ਹਰਜੋਤ ਨੇ ਕਿਹਾ ਕਿ ਜੋ ਲੋਕ ਜਾਣ ਬੁੱਝ ਕੇ ਇਸ ਮਸਲੇ ਨੂੰ ਵਧਾ ਚੜਾ ਕੇ ਸੋਸ਼ਲ ਮੀਡੀਆ ਅਤੇ ਮੀਡੀਆਂ ਵਿੱਚ ਪੇਸ਼ ਕਰ ਰਹੇ ਹਨ, ਉਹ ਇਸ ਮਾਮਲੇ ਵਿੱਚ ਆਪਣੀ ਲੱਤ ਨਾ ਅੜਾਉਣ। ਡਾ. ਹਰਜੋਤ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀਆਂ ਜਿੰਮਵਾਰੀਆਂ ਨੂੰ ਨਿਭਾ ਰਹੇ ਹਨ ਅਤੇ ਜਲਦ ਹੀ ਮੋਗਾ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਨਿਪਟਾ ਕੇ ਲੋਕਾਂ ਨੂੰ ਹਰ ਤਰਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆ ਜਾਣਗੀਆਂ। ਦੂਸਰੇ ਪਾਸੇ ਉਨਾਂ ਕਿਹਾ ਕਿ ਪਿਛਲੇ ਦਿਨੀਂ ਜੋ ਕਾਰਪੋਰੇਸ਼ਨ ਵਿੱਚ ਵਿਜੀਲੈਂਸ ਦੀ ਟੀਮ ਜਾਂਚ ਕਰਨ ਲਈ ਆਈ ਸੀ, ਉਸਦੇ ਪਿੱਛੇ ਉਨਾਂ ਦੀ ਇੱਛਾ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਬ੍ਰੇਕ ਲਗਾਉਣ ਦੀ ਨਹੀਂ ਸੀ, ਸਗੋਂ ਆਉਣ ਵਾਲੇ ਦਿਨਾਂ ਵਿੱਚ ਅੱਗੇ ਤੋਂ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਕੰਮ ਦੀ ਕਵਾਲਿਟੀ ਵਿੱਚ ਸੁਧਾਰ ਅਤੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤਾਂਕਿ ਮੋਗਾ ਹਲਕੇ ਨੂੰ ਮਜ਼ਬੂਤ ਵਿਕਾਸ ਦੀ ਨੀਂਹ ਮਿਲ ਸਕੇ। ਉਨਾਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਲੁੱਕ ਦੇ ਪਲਾਂਟ ਚਾਲੂ ਹੋਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਿਕਾਸ ਦੇ ਮਾਮਲੇ ਵਿੱਚ ਬਿਲਕੁਲ ਬੇਫਿਕਰ ਰਹਿਣ ਕਿਉਕਿ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਨਾਂ ਦਾ ਮੁੱਖ ਏਜੰਡਾ ਹੈ। ਉਨਾਂ ਕਿਹਾ ਕਿ ਕਾਰਪੋਰੇਸ਼ਨ ਮੋਗਾ ਦੇ ਕਮਿਸ਼ਨਰ, ਸਮੂਹ ਸਟਾਫ਼ ਦਾ ਭਰਪੂਰ ਸਾਥ ਮਿਲ ਰਿਹਾ ਹੈ ਅਤੇ ਉਨਾਂ ਭਰੋਸਾ ਪ੍ਰਗਟ ਕੀਤਾ ਕਿ ਸਾਰੇ ਐਮ.ਸੀ. ਅਤੇ ਮੇਅਰ  ਮੋਗਾ ਸ਼ਹਿਰ ਦੀ ਤਰੱਕੀ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂਕਿ  ਮੋਗਾ ਨੂੰ ਉਨਾਂ ਦੇ ਸੁਪਨਿਆਂ ਦਾ ਸ਼ਹਿਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਰਹੇ। 

 ***ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ