ਜੰਗਲੀ ਚੀਤੇ ਦੇ ਅਚਾਨਕ ਹਮਲੇ ਨਾਲ ਤਿੰਨ ਵਿਅਕਤੀ ਜ਼ਖਮੀ,ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਤਰਨਤਾਰਨ, 25 ਦਸੰਬਰ (ਪੱਤਰ ਪਰੇਰਕ)-ਪੰਜਾਬ ਦੇ ਇਤਿਹਾਸ ਸ਼ਹਿਰ ਤਰਨਤਾਰਨ ਨੇੜਲੇ ਪਿੰਡ ਕੰਗ ਵਿਖੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਜੰਗਲੀ ਚੀਤੇ ਨੇ ਪਿੰਡ ਦੇ ਖੇਡ ਮੈਦਾਨ ਤਿੰਨ ਵਿਅਕਤੀਆਂ ’ਤੇ ਹਮਲਾ ਕਰਦਿਆਂ ਜ਼ਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਦਸ਼ਿਤ ਦਾ ਮਾਹੌਲ ਫੈਲ ਗਿਆ । ਸੋਮਵਾਰ ਸਵੇਰ ਦੀ ਇਸ ਘਟਨਾ ਉਪਰੰਤ ਪਿੰਡ ਦੇ ਨੌਜਵਾਨਾਂ ਨੇ ਚੀਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਡੀ ਐੱਸ ਪੀ ਸਤਪਾਲ ਸਿੰਘ ਦੇ ਪਿੰਡ ਵਿਚ ਪਹੰੁਚਣ ਉਪਰਤ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿਚ ਜੰਗਲਾਤ ਵਿਭਾਗ ਦੀ ਟੀਮ ਨੂੰ ਸੱਦਿਆ ਗਿਆ ।
ਇਹ ਟੀਮ ਚੀਤੇ ਨੂੰ ਫੜਨ ਵਾਸਤੇ ਲੋੜੀਂਦੇ ਸਾਜੋ ਸਮਾਨ ਦੇ ਨਾ ਹੋਣ ਕਰਕੇ ਸਾਰਾ ਦਿਨ ਚੀਤੇ ਦੀ ਕਿਸੇ ਹਰਕਤ ਦੀ ਉਡੀਕ ਕਰਦੀ ਰਹੀ ਪਰ ਚੀਤਾ ਪਿੰਡ ਵਿਚ ਹੀ ਕਿਸੇ ਘਰ ਵਿਚ ਲੁੱਕ ਕੇ ਬੈਠਾ ਰਿਹਾ । ਅਖੀਰ ਦੇਰ ਰਾਤ ਚੀਤੇ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ ਤਾਂ ਲੋਕਾਂ ਦੇ ਸਾਹ ਵਿਚ ਸਾਹ ਆਇਆ । ਇਸ ਮੌਕੇ ਜ਼ਿੰਮੇਵਾਰ ਅਧਿਕਾਰੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਚੀਤੇ ਨੂੰ ਛਤਬੀੜ ਚਿੜੀਆ ਘਰ ਵਿਖੇ ਭੇਜਿਆ ਗਿਆ ਹੈ । ਇਸ ਚੀਤੇ ਦੀ ਆਮਦ ’ਤੇ ਲੋਕਾਂ ਵਿਚ ਕਈ ਤਰਾਂ ਦੀਆਂ ਅਫ਼ਵਾਹਾਂ ਦਾ ਦੌਰ ਵੀ ਚੱਲਦਾ ਰਿਹਾ ।
ਲੋਕਾਂ ਦਾ ਆਖਣਾ ਹੈ ਕਿ ਇਹ ਚੀਤਾ ਹਰੀਕੇ ਰੱਖ ਤੋਂ ਵੀ ਭੱਜ ਕੇ ਆਇਆ ਹੋ ਸਕਦਾ ਹੈ ਜਿਸ ’ਤੇ ਵਾਤਾਵਰਣ ਪ੍ਰੇਮੀਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਜੇ ਰੱਖ ਵਿਚ ਅਜਿਹੇ ਜੰਗਲੀ ਜਾਨਵਰ ਆਪਣਾ ਰੈਣ ਵਸੇਰਾ ਕਰਨਾ ਆਰੰਭ ਕਰ ਦੇਣ ਅਤੇ ਸਰਕਾਰ ਰੱਖ ਨੂੰ ਸੁਰੱਖਿਆ ਪੱਖੋਂ ਮਜਬੂਤ ਕਰੇ ਤਾਂ ਪੰਜਾਬ ਨੂੰ ਇਕ ਨਵਾਂ ਸੈਲਾਨੀ ਕੇਂਦਰ ਮਿਲਣ ਦੀ ਸੰਭਾਵਨਾ ਵਧੇਗੀ। ਇਹ ਵੀ ਜ਼ਿਕਰਯੋਗ ਹੈ ਕਿ ਅਜੇ ਕੱਲ ਹੀ ਹਰੀਕੇ ਰੱਖ ਵਿਚ ਸਰਕਾਰ ਵੱਲੋਂ ਘੜਿਆਲ ਛੱਡੇ ਗਏ ਸਨ ।


