ਕਰਜ਼ੇ ਦੇ ਬੋਝ ਦੇ ਚੱਲਦਿਆਂ ਕਿਸਾਨ ਨੇ ਕੀਤੀ ਖੁਦਕੁਸ਼ੀ

ਮੋਗਾ, 26 ਦਸੰਬਰ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਜੋਗੇਵਾਲਾ ਦੇ ਇਕ ਕਿਸਾਨ ਨੇ ਕਰਜ਼ੇ ਦੇ ਬੋਝ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ । ਪਿੰਡ ਦੇ ਕਿਸਾਨ ਰਜਿੰਦਰ ਸਿੰਘ ਪੁੱਤਰ ਜੀਤ ਸਿੰਘ ਨੂੰ ਅੱਜ ਮਿ੍ਰਤਕ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ । ਪੁਲਿਸ ਅਧਿਕਾਰੀ ਨੇ ਮੌਕੇ ’ਤੇ ਦੱਸਿਆ ਕਿ 45 ਸਾਲਾ ਮਿ੍ਰਤਕ ਰਜਿੰਦਰ ਸਿੰਘ ਦੇ ਪਰਿਵਾਰ ਦੇ ਦੱਸਣ ਮੁਤਾਬਕ ਕਰਜ਼ੇ ਦੇ ਬੋਝ ਕਾਰਨ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ । ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮਿ੍ਰਤਕ ਦੇ ਸਿਰ ’ਤੇ ਬੈਂਕ ਅਤੇ ਆੜਤੀਆਂ ਸਮੇਤ ਤਕਰੀਬਨ ਅੱਠ ਲੱਖ ਦਾ ਕਰਜਾ ਸੀ । ਰਜਿੰਦਰ ਵੱਲੋਂ ਆਪਣੀ ਜ਼ਮੀਨ ਵਿਚ ਕੀਤੀ ਜਾ ਰਹੀ ਵਾਹੀ ਦੌਰਾਨ ਕਰਜ਼ੇ ਦੇ ਬੋਝ ਕਰਕੇ ਅੱਜ ਇਹ ਅਣਕਿਆਸਿਆ ਅਤੇ ਅਭਾਗਾ ਕਦਮ ਉਠਾਉਣ ਕਰਕੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਿਚੋਂ ਮਿ੍ਰਤਕ ਦੇ ਜਾਣਕਾਰਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਦੇਖਿਆ ਜਾ ਰਿਹਾ ਸੀ । ਜ਼ਿਕਰਯੋਗ ਹੈ ਕਿ ਕਿਸਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ।


