ਕੌਂਸਲ ਚੋਣਾਂ ’ਚ ਲੋਕਾਂ ਨੇ ਕਾਂਗਰਸ ਨੂੰ ਵੱਡਾ ਫਤਵਾ ਦਿੰਦਿਆਂ ਕੈਪਟਨ ਦੀ ਹਰਮਨਪਿਆਰਤਾ ’ਤੇ ਮੋਹਰ ਲਗਾਈ

ਬਾਘਾਪੁਰਾਣਾ,28 ਦਸੰਬਰ (ਜਸ਼ਨ)- ਕੈਪਟਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਠੋਸ ਫੈਸਲੇ ਲੈਣ ਦਾ ਨਤੀਜਾ ਹੀ ਹੈ ਕਿ ਪੰਜਾਬ ’ਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਨੂੰ ਭਾਰੀ ਸਫਲਤਾ ਮਿਲੀ ਹੈ ਅਤੇ ਸਾਲ 2018 ਵਿਚ ਪੰਚਾਇਤੀ ਚੋਣਾਂ ਜਿੱਤਣ ਉਪਰੰਤ 2019 ਦੌਰਾਨ ਲੋਕ ਸਭਾ ਚੋਣਾਂ ਵਿਚ ਵੀ ਲੋਕਾਂ ਦੇ ਸਹਿਯੋਗ ਨਾਲ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਕਾਂਗਰਸ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੇਂਦਰ ਦੀ ਸੱਤਾ ਸੰਭਾਲਣ ਵਿਚ ਸਫਲ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਬਰਾੜ ਰੋਡੇ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੂਬੇ ਵਿਚ ਮਹਿਜ਼ 9 ਮਹੀਨੇ ਪਹਿਲਾਂ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰਾਂ ਦੇ ਨਾਲ ਨਾਲ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ’ਚ ਤੇਜ਼ੀ ਨਾਲ ਕੰਮ ਕਰਦਿਆਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਅਮਲ ਕਰਨਾ ਸ਼ੁਰੂ ਕੀਤਾ , ਜਿਸ ਸਦਕਾ ਆਮ ਲੋਕਾਂ ਦਾ ਪਿਆਰ ਹੀ ਹੈ ਜਿਸ ਨੇ ਪੰਚਾਇਤੀ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਹੈ। ਭੁਪਿੰਦਰ ਸਿੰਘ ਬਰਾੜ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕਰਨ ਵਿਚ ਯਕੀਨ ਰੱਖਦੀ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਲਏ ਫੈਸਲੇ ਚਾਹੇ ਉਹ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਨੂੰੂ ਲੈ ਕੇ ਹੋਣ ਤੇ ਚਾਹੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹਮੇਸ਼ਾਂ ਉਹਨਾਂ ਪੰਜਾਬ ਦੇ ਵਡੇਰੇ ਹਿਤਾਂ ਲਈ ਆਵਾਜ਼ ਬੁਲੰਦ ਕੀਤੀ ਹੈ ਇਸੇ ਕਰਕੇ ਪੰਜਾਬੀਆਂ ਨੇ ਕੌਂਸਲ ਚੋਣਾਂ ਦੌਰਾਨ ਵੀ ਵਿਧਾਨ ਸਭਾ ਚੋਣਾਂ ਵਾਂਗ ਪੰਜਾਬ ਨੂੰ ਨਿਰਦਾਇਤਾ ਨਾਲ ਲੁੱਟਣ ਵਾਲੇ ਅਕਾਲੀ ਭਾਜਪਾ ਗੱਠਜੋੜ ਨੂੰ ਮੂੰਹ ਨਹੀਂ ਲਾਇਆ ਅਤੇ ਕਾਂਗਰਸ ਦੇ ਹੱਕ ਵਿਚ ਵੱਡਾ ਫਤਵਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਰਮਨਪਿਆਰਤਾ ’ਤੇ ਮੋਹਰ ਲਗਾਈ ਹੈ।


