‘‘ਫੀਮ ਖਾਣੇ ਜੱਟ ’’ਗੀਤ ਰਾਹੀਂ ਜੱਟਾਂ ਨੂੰ ਨਸ਼ਈ ਦਿਖਾ ਕੇ ਜੱਟਾਂ ਦਾ ਅਕਸ ਖਰਾਬ ਕਰਨ ਵਿਰੁੱਧ ਪੰਚਾਇਤ ਯੂਨੀਅਨ ਨੇ ਕੀਤਾ ਝੰਡਾ ਬੁਲੰਦ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ, 29 ਦਸੰਬਰ (ਜਸ਼ਨ)-ਪੰਜਾਬੀ ਗਾਇਕੀ ‘ਚ ਲੱਚਰਤਾ ਭਾਰੂ ਹੋਣ ਦੇ ਨਾਲ ਸੱਭਿਆਚਾਰ ’ਚ ਸਿਰੇ ਦਾ ਨਿਘਾਰ ਤਾਂ ਪਹਿਲਾਂ ਹੀ ਆ ਚੁੱਕਾ ਸੀ ਪਰ ਬੀਤੇ ਦਿਨੀਂ ਰਿਲੀਜ਼ ਹੋਏ ਗੀਤ ‘‘ਫੀਮ ਖਾਣੇ ਜੱਟ‘‘ ਰਾਹੀਂ ਜੱਟਾਂ ਨੂੰ ਨਸ਼ਈ ਜੱਟ ਦਿਖਾ ਕੇ ਜੱਟਾਂ ਦਾ ਅਕਸ ਹੋਰ ਖਰਾਬ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਮਸ਼ਹੂਰੀ ਲਈ ਬੱਸ ਅੱਡੇ ਸਮੇਤ  ਹੋਰ ਕਈ ਜਨਤਕ ਥਾਵਾਂ ਤੇ ਪੋਸਟਰ ਲਗਾਏ ਗਏ ਹਨ। ਗਾਇਕ ਬੋਬੀ ਸੰਨ ਵਲੋਂ ਗਾਇਆ ਇਹ ਗੀਤ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵੀ ਪਾਇਆ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੀਤ ਦੇ ਬੋਲਾਂ ਵਿਚ ਮੁਟਿਆਰ ਲਈ ਵਰਤੀ ਘਟੀਆ ਸ਼ਬਦਾਵਲੀ ‘ ਕਰ ਦਿਆਂਗੇ ਸਿੱਧੀ ਤੈਨੂੰ ਡਾਂਗ ਵਰਗੀ ,ਤੇਰਾ ਅਫੀਮ ਖਾਣੇ ਜੱਟ ਨਾਲ ਵਾਹ ਨੀ ਪਿਆ’  ਜਿਥੇ ਬੇਹੱਦ ਨਿੰਦਣਯੋਗ ਹੈ ਉੱਥੇ ਵਟਸਐਪ ਗਰੁੱਪਾਂ ਵਿਚ ਸ਼ਾਮਲ ਨੌਜਵਾਨਾਂ ਨੂੰ ਫੀਮ ਖਾਣ ਦੇ ਆਦੀ ਦਿਖਾ ਕੇ ਨਵੀਂ ਪੀੜੀ ਨੂੰ ਨਸ਼ਿਆਂ ਦੀ ਲੱਤ ਲਗਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ। ਇਸੇ ਗੀਤ ਵਿਚ ਗਾਇਕ ਆਖਦਾ ਹੈ ਕਿ ‘ਜਿਹਨਾਂ ਤੇਰੀ ਬੌਡੀ ਦਾ ਏ ਭਾਰ ਅੱਲੜੇ ਓਨੀ ਨਾਗਣੀ ਗਰੁੱਪ ਸਾਡਾ ਖਾ ਨੀ ਗਿਆ’ । ਇਸ ਗੀਤ ਦੇ ਮਾਰਕੀਟ ’ਚ ਆਉਣ ਤੇ ਪੰਚਾਇਤ ਯੂਨੀਅਨ ਜ਼ਿਲਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਅਤੇ ਉਨਾਂ ਦੇ ਨਾਲ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਵਿਰੋਧ ਕਰਦਿਆਂ ਲੱਚਰ ਗੀਤ ਗਾਉਣ ਅਤੇ ਲਿਖਣ ਵਾਲੇ ਗੀਤਕਾਰਾਂ ਖਿਲਾਫ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨਾਂ ਆਖਿਆ ਕਿ ਪੰਜਾਬ ਦਾ ਜੱਟ ਤਾਂ ਪਹਿਲਾਂ ਹੀ ਕਰਜ਼ੇ ਦਾ ਮਾਰਿਆ ਹੋਇਐ ਅਤੇ ਖੁਦਕੁਸ਼ੀਆ ਕਰਨ ਦੇ ਲਈ ਮਜ਼ਬੂਰ ਹੈ ਤੇ ਉੱਤੋਂ ਇਸ ਘਟੀਆ ਗੀਤ ਨਾਲ ਗਾਇਕੀ ਅਤੇ ਗੀਤਕਾਰ ਨੇ ਜੱਟਾਂ ਨੂੰ ਅਮਲੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੇ ਕਿਸਮ ਦੇ ਗਾਇਕਾਂ ਨੂੰ ਨੱਥ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਜੱਟਾਂ ਨੂੰ ਸਮੈਕੀਏ, ਪਿਸਤੌਲਾਂ ਵਾਲੇ, ਡਾਂਗਾਂ ਵਾਲੇ, ਰਫਲਾਂ ਵਾਲੇ, ਬਲਾਤਕਾਰੀਏ, ਚੋਰ ਅਤੇ ਲੁਟੇਰਿਆਂ  ਦੇ ਰੂਪ ਵਿਚ ਵੀ ਵਿਖਾਇਆ ਜਾਵੇਗਾ। ਉਨਾਂ ਕਿਹਾ ਕਿ ਅਜਿਹੇ ਗਾਇਕਾਂ ਦਾ ਵੱਡੇ ਪੱਧਰ ਤੇ ਵਿਰੋਧ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਅਜਿਹੇ ਗੀਤਾਂ ਤੋਂ ਪ੍ਰੇਰਿਤ ਹੋ ਕੇ ਗਲਤ ਰਾਹ ਪੈ ਕੇ ਆਪਣੀ ਅਤੇ ਹੋਰਨਾਂ ਦੀ ਜ਼ਿੰਦਗੀ ਨਰਕ ਨਾ ਬਣਾਵੇ।  ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਤੁਸੀਂ ਪਹਿਲਾਂ ਹੀ ਗੁਟਖਾ ਸਾਹਿਬ ਤੇ ਹੱਥ ਰੱਖ ਕੇ ਪ੍ਰਣ ਲਿਆ ਸੀ ਕਿ ਅਸੀਂ ਨਸ਼ੇ ਦਾ ਖਾਤਮਾ ਕਰਾਂਗੇ ਪਰ ਨਸ਼ੇ ਦਾ ਖਾਤਮਾ ਤਾਂ ਨਹੀਂ ਹੋਇਆ ਪਰ ਉਲਟਾ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਕਲਾਕਾਰਾਂ ਨੂੰ ਹੋਰ ਖੁੱਲ ਮਿਲ ਗਈ ਹੈ। ਇਸ ਮੌਕੇ ਉਨਾਂ ਨਾਲ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਬਰਨਾਲਾ, ਮਨਦੀਪ ਸਿੰਘ ਭੁੱਲਰ, ਅਮਰਜੀਤ ਸਿੰਘ, ਬੂਟਾ ਸਿੰਘ ਭੁੱਲਰ, ਦਿਆ ਸਿੰਘ ਭੁੱਲਰ ਕੈਨੇਡਾ, ਸੁੱਖੀ ਢਿੱਲੋਂ, ਜਗਤਾਰ ਸਿੰਘ, ਅਮਰ ਸਿੰਘ ਪੰਚ, ਸਾਹਿਬ ਸਿੰਘ ਸਰਪੰਚ ਆਦਿ ਹਾਜ਼ਰ ਸਨ।