ਪਰਿੰਸੀਪਲ ਸ: ਜਗਤਾਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

ਮੋਗਾ, 30 ਦਸੰਬਰ (ਜਸ਼ਨ)-ਅੱਜ ਉਸ ਸਮੇਂ ਸਿੱਖਿਆ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਪਰਿੰਸੀਪਲ ਸ: ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਸ: ਜਗਤਾਰ ਸਿੰਘ ਪਹਿਲਾਂ ਲੰਬਾ ਸਮਾਂ ਵੋਕੇਸ਼ਨਲ ਲੈਕਚਰਾਰ ਵਜੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੇਵਾਵਾਂ ਨਿਭਾਉਂਦੇ ਰਹੇ ਅਤੇ ਅੱਜ ਕੱਲ ਉਹ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੇ ਪਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ । ਲੈਕਚਰਾਰ ਸੇਵਕ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ: ਜਗਤਾਰ ਸਿੰਘ ਅੱਜ ਸ਼ਾਮ ਸਵਾ ਛੇ ਵਜੇ ਦੇ ਕਰੀਬ ਸੈਰ ਤੋਂ ਵਾਪਸ ਆਏ ਅਤੇ ਆਰਾਮ ਲਈ ਥੋੜੀ ਦੇਰ ਲੇਟ ਗਏ ਜਿਥੇ ਉਹਨਾਂ ਦੀ ਰਿਸ਼ਤੇਦਾਰ ਲੜਕੀ ਨੇ ਜਦੋਂ ਉਹਨਾਂ ਦਾ ਹਾਲ ਚਾਲ ਜਾਣਨਾ ਚਾਹਿਆ ਤਾਂ ਜਵਾਬ ਨਾ ਦੇਣ ’ਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਪਰ ਇਨੇ ਸਮੇਂ ਵਿਚ ਸ: ਜਗਤਾਰ ਸਿੰਘ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਨ। ਜ਼ਿਕਰਯੋਗ ਹੈ ਕਿ ਸ: ਜਗਤਾਰ ਸਿੰਘ ਦੀ ਧਰਮਪਤਨੀ ਵੀ ਅਜੇ ਕੁਝ ਮਹੀਨੇ ਪਹਿਲਾਂ ਪਰਲੋਕ ਸਿਧਾਰ ਗਏ ਸਨ । ਸ: ਜਗਤਾਰ ਸਿੰਘ ਦੀ 2019 ਵਿਚ ਰਿਟਾਇਰਮੈਂਟ ਹੋਣੀ ਸੀ ਪਰ ਸਿਹਤ ਨਾਸਾਜ਼ ਹੋਣ ਕਰਕੇ ਕੁਝ ਸਮਾਂ ਪਹਿਲਾਂ ਉਹਨਾਂ ਦੀ ਹਾਰਟ ਦੀ ਸਰਜਰੀ ਹੋਈ ਸੀ । ਸ: ਜਗਤਾਰ ਸਿੰਘ ਦੀ ਲੜਕੀ ਯੂ ਐੱਸ ਏ ਰਹਿੰਦੀ ਹੈ ਅਤੇ ਲੜਕਾ ਆਸਟਰੇਲੀਆ ਪੜਾਈ ਕਰਦਾ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਰ ਪਲ ਚੜਦੀ ਕਲਾ ਵਿਚ ਰਹਿਣ ਵਾਲੀ ਜਗਤਾਰ ਸਿੰਘ ਦੀ ਰੂਹ ਨੂੰ ਸੱਜਦਾ ਕਰਦੀ ਹੈ।