ਕਨੇਡਾ ਦੇ ਸ਼ਹਿਰ ਸਰੀ ਵਿਖੇ ਸੰਤ ਬਾਬਾ ਫਤਿਹ ਸਿੰਘ ਜੀ ਖੋਸਿਆ ਵਾਲਿਆਂ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਸਰੀ,30 ਦਸੰਬਰ (ਜਸ਼ਨ)-ਸਿੱਖ ਜਗਤ ਵਿਚ ਨਿਸ਼ਕਾਮ ਸੇਵਕ ਅਤੇ ਮਹਾਨ ਸਮਾਜ ਸੇਵੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਸੰਤ ਬਾਬਾ ਫਤਿਹ ਸਿੰਘ ਜੀ ਖੋਸਿਆ ਵਾਲਿਆਂ ਦੀ ਬਰਸੀ ਕਨੇਡਾ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਨੇ ਗੁਰਬਾਣੀ ਅਤੇ ਵੈਰਾਗਮਈ ਕੀਰਤਨ ਰਾਹੀਂ ਆਪਣੀਆਂ ਮਨੋਬਿਰਤੀਆਂ ਅਕਾਲ ਪੁਰਖ ਦੇ ਚਰਨਾਂ ਨਾਲ ਜੋੜੀਆਂ। ਸਮਾਗਮ ਦੌਰਾਨ ਪਿੰਡ ਖੋਸਾ ਕੋਟਲਾ,ਖੋਸਾ ਰਣਧੀਰ,ਖੋਸਾ ਪਾਂਡੋਂ,ਖੋਸਾ ਜਲਾਲ ਅਤੇ ਮੋਗੇ ਆਦਿ ਨਾਲ ਸਬੰਧਤ ਸੰਗਤਾਂ ਭਾਰੀ ਗਿਣਤੀ ਵਿਚ ਬਾਬਾ ਫਤਿਹ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੰੁਚੀਆਂ। ਇਸ ਮੌਕੇ ਸਟੇਜ ਸਕੰਤਰ ਦੀ ਭੂਮਿਕਾ ਬਲਦੇਵ ਸਿੰਘ ਖੋਸਾ ਨੇ ਨਿਭਾਈ । ਇਸ ਮੌਕੇ ਪਰਵਾਸੀ ਪੰਜਾਬੀ ਲੇਖਕ ਸੁਰਜੀਤ ਸਿੰਘ ਕਾਉਂਕੇ ,ਕੁਲਦੀਪ ਸਿੰਘ ਸੇਖੋਂ,ਬਲਵੰਤ ਸਿੰਘ,ਬਲਦੇਵ ਸਿੰਘ ਖੋਸਾ ਅਤੇ ਰਾਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ
ਸੰਤ ਬਾਬਾ ਫਤਿਹ ਸਿੰਘ ਜੀ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਸੇਵਾ ਅਤੇ ਸਿਮਰਨ ਨੂੰ ਅਪਣਾਉਂਦਿਆਂ ਨਾ ਸਿਰਫ਼ ਖੁਦ ਸਾਦਗੀ ਭਰਪੂਰ ਜੀਵਨ ਬਤੀਤ ਕੀਤਾ ਬਲਕਿ ਲੱਖਾਂ ਪ੍ਰਾਣੀਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਂਦਿਆਂ ਅਨੇਕਾਂ ਸਕੂਲ ,ਕਾਲਜ,ਹਸਪਤਾਲ ਅਤੇ ਬਿਜਲਈ ਸ਼ਮਸ਼ਾਨਘਾਟ ਦੀਆਂ ਇਮਾਰਤਾਂ ਉਸਾਰ ਕੇ ਸਮਾਜ ਸੇਵਾ ਦੀ ਨਵੀਂ ਰੀਤ ਚਲਾਈ । ਬੁਲਾਰਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਬਾਬਾ ਫਤਿਹ ਸਿੰਘ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਪੰਜਾਬ ਦੇ ਸਕੂਲ ਅਤੇ ਹਸਪਤਾਲਾਂ ਦੀ ਦਸ਼ਾ ਸੁਧਾਰਨ ਲਈ ਆਪਣਾ ਯੋਗਦਾਨ ਪਾਉਣ । ਜ਼ਿਕਰਯੋਗ ਹੈ ਕਿ ਸੰਤ ਬਾਬਾ ਫਤਿਹ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ ਵੀ ਬਾਬਾ ਬਾਬਾ ਫਤਿਹ ਸਿੰਘ ਵਾਂਗ ਸਾਦਾ ਜੀਵਨ ਜਿਉਂਦਿਆਂ ਪੌਦੇ ਲਗਾਉਣ ਅਤੇ ਆਰਗੈਨਿਕ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਤਾਂ ਕਿ ਪੰਜਾਬ ਨੂੰ ਜ਼ਹਿਰੀਲੇ ਪੌਣਪਾਣੀ ਤੋਂ ਮੁਕਤੀ ਦਿਵਾਈ ਜਾ ਸਕੇ। ਇਸ ਮੌਕੇ ਥਾਣਾ ਸਿੰਘ ਖੋਸਾ,ਭਜਨ ਸਿੰਘ ਤੂਰ,ਸਤਨਾਮ ਸਿੰਘ ,ਰੇਸ਼ਮ ਸਿੰਘ ਖੋਸਾ,ਚਰਨਜੀਤ ਸਿੰਘ ਖੋਸਾ,ਕਰਮਜੀਤ ਸਿੰਘ ਤੂਰ,ਰਵਿੰਦਰ ਸਿੰਘ,ਕੁਲਦੀਪ ਸਿੰਘ ਸੇਖੋਂ ,ਬਲਵੰਤ ਸਿੰਘ,ਕਰਨਪਾਲ ਸਿੰਘ, ਗੁਰਜੀਤ ਗਾਂਧੀ,ਸਵਰਨ ਸਿੰਘ,ਹਾਕਮ ਸਿੰਘ,ਅਜਮੇਰ ਸਿੰਘ ਆਦਿ ਹਾਜ਼ਰ ਸਨ।


