ਪਿੰਡ ਲੋਹਗੜ ਦੇ ਨੌਜਵਾਨ ਸ਼ਹੀਦ ਜਗਸੀਰ ਸਿੰਘ ਦਾ 2 ਜਨਵਰੀ ਨੂੰ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਫਿਰੋਜ਼ਪੁਰ ,1 ਜਨਵਰੀ (ਜਸ਼ਨ)-ਜੰਮੂ-ਕਸਮੀਰ ਵਿਖੇ ਆਤਕਵਾਦੀ ਹਮਲੇ ਵਿਚ ਸ਼ਹੀਦ ਹੋਏ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਲੋਹਗੜ ਦੇ ਜਵਾਨ ਜਗਸੀਰ ਸਿੰਘ ਦਾ ਸੰਸਕਾਰ 2 ਜਨਵਰੀ ਨੂੰ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਨੇ ਕੀਤੀ,  ਮੌਕੇ ’ਤੇ ਪਹੁੰਚੇ ਹਲਕਾ ਦਿਹਾਤੀ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਉਸਦੇ ਪਤੀ ਸਮੇਤ ਪੁਲਿਸ, ਸਿਵਲ ਤੇ ਫੌਜੀ ਅਧਿਕਾਰੀਆਂ ਵੱਲੋਂ ਸਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਪਰਿਵਾਰਕ ਮੈਂਬਰਾਂ ਮੁਤਾਬਿਕ ਦੋ ਸਾਲਾਂ ਤੋਂ ਭੈਣ ਤੇ ਵਿਦੇਸ਼ ਵਸਦੇ ਭਰਾ ਨੂੰ ਮਿਲਣ ਦੀ ਤਾਂਘ ਲਾਈ ਬੈਠੇ ਸ਼ਹੀਦ ਜਵਾਨ ਦੇ ਭੈਣ-ਭਰਾ ਦੇ ਆਉਣ ਤੱਕ ਪਰਿਵਾਰ ਨੇ ਰੁਕਣ ਦਾ ਨਿਰਣਾ ਲਿਆ। ਪਰਿਵਾਰ ਨੂੰ ਛੱਡ ਦੇੋ ਦੀ ਰਾਖੀ ਕਰਦਿਆਂ ਜੰਮੂ ਵਿਚ ਫੌਜੀ ਕੈਂਪ ’ਤੇ ਹੋਏ ਆਤੰਕਵਾਦੀ ਹਮਲੇ ’ਚ ਪਿੰਡ ਲੋਹਗੜ ਦੇ ਨੌਜਵਾਨ ਜਗਸੀਰ ਸਿੰਘ ਦੇ ਸ਼ਹਾਦਤ ਪਾਉਣ ਨਾਲ ਪਿੰਡ ਵਿਚ ਕੱਲ ਤੋਂ ਹੀ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ, ਜੋ  ਸ਼ਹੀਦ ਦੇ ਸੰਸਕਾਰ ’ਤੇ ਸ਼ਰਧਾਂਜਲੀਆਂ ਨਾਲ ਵੀ ਸ਼ਾਇਦ ਨਾ ਖਤਮ ਹੋਵੇ।ਮਿ੍ਰਤਕ ਦੇਹ ਦੇ ਅੰਤਿਮ ਸੰਸਕਾਰ ਲਈ ਫੌਜ, ਸਿਵਲ ਪ੍ਰਸਾਸਨ ਤੇ ਹਲਕਾ ਦਿਹਾਤੀ ਵਿਧਾਇਕ ਸਤਿਕਾਰ ਕੌਰ ਗਹਿਰੀ, ਜਸਮੇਲ ਸਿੰਘ ਲਾਡੀ ਗਹਿਰੀ ਸ਼ਹੀਦ ਜਵਾਨ ਦੇ ਘਰ ਵਿਚ ਪਹੁੰਚੇ, ਪ੍ਰੰਤੂ ਪਰਿਵਾਰ ਵੱਲੋਂ ਵਿਦੇਸ਼ ਤੋਂ ਆ ਰਹੀ ਜਗਸੀਰ ਦੀ ਭੈਣ ਦੇ ਪਿੰਡ ਪਹੁੰਚਣ ਉਪਰੰਤ ਸੰਸਕਾਰ ਕਰਨ ਦੀ ਪੁਸ਼ਟੀ ਕੀਤੀ।  ਦੇਸ਼ ਖਾਤਿਰ ਸ਼ਹਾਦਤ ਦੇ ਗਏ ਜਵਾਨ ਜਗਸੀਰ ਸਿੰਘ ਦੇ ਸਹੁਰੇ ਨੇ ਆਪਣੀ ਲੜਕੀ ਦੇ ਉਜੜੇ ਘਰ ਦਾ ਦੁਖੜਾ ਜਾਹਿਰ ਕਰਦਿਆਂ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਉਨਾਂ ਦਾ ਜਵਾਈ ਆਪਣੇ ਘਰ ਦੀ ਬਜਾਏ ਦੇਸ ਖਾਤਿਰ ਆਖਰੀ ਸਮੇਂ ਤੱਕ ਲੜਦਾ ਰਿਹਾ। ਉਨਾਂ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਰਕਾਰ ਨੂੰ ਵਿਸ਼ੇਸ਼ ਸਹੂਲਤ ਦੇਣ ਦੇ ਨਾਲ-ਨਾਲ ਸਹੀਦ ਜਗਸੀਰ ਸਿੰਘ ਦੇ ਨਾਮ ’ਤੇ ਕੋਈ ਸਮਾਰਕ ਉਸਾਰਨੀ ਚਾਹੀਦੀ ਹੈ।ਸ਼ਹੀਦ ਦੇ ਘਰ ਪੁੱਜੇ ਹਲਕਾ ਦਿਹਾਤੀ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਪੰਜਾਬ ਨੂੰ ਮੁੱਢ ਤੋਂ ਹੀ ਸ਼ਹੀਦੀਆਂ ਪ੍ਰਾਪਤ ਕਰਨ ਦਾ ਮਾਣ ਹੈ। ਉਨਾਂ ਕਿਹਾ ਕਿ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦਿਲੀ ਦੁੱਖ ਜਾਹਿਰ ਕਰਦੇ ਹਨ ਅਤੇ ਸ਼ਹੀਦ ਨੂੰ ਕੋਟ-ਨ-ਕੋਟ ਪ੍ਰਣਾਮ ਕਰਦੇ ਹਨ, ਜਿਸ ਨੇ ਦੇਸ਼ ਦੀ ਆਨ-ਬਾਨ ਖਾਤਿਰ ਸ਼ਹਾਦਤ ਦੇ ਦਿੱਤੀ।‘ਸਾਡਾ ਮੋਗਾ ਡੌਟ ਕੌਮ’ ਦੀ ਸਮੁੱਚੀ ਟੀਮ ਸਰਹੱਦ ’ਤੇ ਆਏ ਦਿਨ ਸ਼ਹੀਦੀਆਂ ਪਾ ਰਹੇ ਜਵਾਨਾਂ ਨੂੰ ਸੱਜਦਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਭਵਿੱਖ ਵਿਚ ਕਿਸੇ ਮਾਂ ਨੂੰ ਆਪਣਾ ਲਾਲ ਇਹਨਾਂ ਸਰਹੱਦਾਂ ’ਤੇ ਨਾ ਗਵਾਉਣਾ ਪਵੇ।