ਪੇਡਾ ਵੱਲੋਂ 160 ਬਾਇਓ ਗੈਸ ਪਲਾਂਟ ਲਗਵਾਉਣ ’ਤੇ ਲਾਭਪਾਤਰੀਆਂ ਨੂੰ 14.40 ਲੱਖ ਰੁਪਏ ਦੀ ਦਿੱਤੀ ਗਈ ਸਬਸਿਡੀ-ਦਿਲਰਾਜ ਸਿੰਘ

ਮੋਗਾ 2 ਜਨਵਰੀ: (ਜਸ਼ਨ)-ਬਾਇਓ-ਗੈਸ ਪਲਾਂਟਾਂ ਸਦਕਾ ਜਿੱਥੇ ਲੋਕਾਂ ਨੂੰ ਘਰੇਲੂ ਰਸੋਈ ‘ਚ ਵਰਤੋਂ ਲਈ ਐਲ.ਪੀ.ਜੀ ਤੋਂ ਵੀ ਸਸਤੀ ਗੈਸ ਮਿਲੀ ਹੈ, ਉੱਥੇ ਬਾਇਓ-ਗੈਸ ਸੁਰੱਖਿਅਤ ਵੀ ਹੈ ਅਤੇ ਇਸ ਨੇ ਵਾਤਾਵਰਣ ਦੀ ਸ਼ੁੱਧਤਾ ‘ਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਐਲ.ਪੀ.ਜੀ. ਗੈਸ ਦੀ ਥਾਂ ’ਤੇ ਬਾਇਓ-ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਜ਼ਿਲੇ ‘ਚ ਇਸ ਚਾਲੂ ਵਿੱਤੀ ਸਾਲ ਦੌਰਾਨ 31 ਦਸੰਬਰ, 2017 ਤੱਕ 160 ਬਾਇਓ-ਗੈਸ ਸਥਾਪਿਤ ਕੀਤੇ ਗਏ ਹਨ ਅਤੇ ਸਰਕਾਰ ਵੱਲੋਂ ਇੰਨਾਂ ਬਾਇਓ-ਗੈਸ ਪਲਾਂਟਾਂ ‘ਤੇ 14 ਲੱਖ 40 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ‘ਚ 33 ਬਾਇਓ-ਗੈਸ ਪਲਾਂਟ ਉਸਾਰੀ ਅਧੀਨ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਘਣ ਮੀਟਰ ਤੱਕ ਦੇ ਬਾਇਓ ਗੈਸ ਪਲਾਂਟ ਲਗਾਉਣ ’ਤੇ 5,500 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ 2 ਘਣ ਮੀਟਰ ਤੋਂ 6 ਘਣ ਮੀਟਰ ਤੱਕ ਦੇ ਬਾਇਓ-ਗੈਸ ਪਲਾਂਟ ਸਥਾਪਿਤ ਕਰਨ ‘ਤੇ ਆਮ ਸ਼੍ਰੇਣੀ ਦੇ ਲੋਕਾਂ ਨੂੰ 9 ਹਜ਼ਾਰ ਰੁਪਏ, ਪਛੜੀਆਂ ਤੇ ਅਨਸੂਚਿਤ ਜਾਤੀਆਂ ਨੂੰ 11 ਹਜ਼ਾਰ ਰੁਪਏ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਸਵੈ ਰੋਜ਼ਗਾਰ ਕਰਨ ਵਾਲੇ ਨੌਜਵਾਨ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਦਿੱਤੇ ਜਾਂਦੇ ਹਨ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਬਾਇਓ ਗੈਸ ਤੋਂ ਪੈਦਾ ਹੋਈ ਮੀਥੇਨ ਗੈਸ ਇੱਕ ਗਰੀਨ ਗੈਸ ਵੱਜੋਂ ਜਾਣੀ ਜਾਂਦੀ ਹੈ, ਜਿਸ ਦੀ ਵਰਤੋਂ ਨਾਲ ਵਾਤਾਵਰਣ ‘ਚ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ ਅਤੇ ਇਹ ਮਨੁੱਖੀ ਸਰੀਰ ਨੂੰ ਵੀ ਕੋਈ ਨੁਕਸਾਨ ਨਹੀ ਪਹੁੰਚਾਉਂਦੀ। ਉਨਾਂ ਦੱਸਿਆ ਕਿ ਬਾਇਓ-ਗੈਸ, ਰਵਾਇਤੀ ਰਸੋਈ ਗੈਸ ਦਾ ਬਹੁਤ ਹੀ ਢੁੱਕਵਾਂ ਬਦਲ ਹੈ ਅਤੇ ਬਾਇਓ-ਗੈਸ ਪਲਾਂਟ ’ਤੇ ਖਰਚ ਕੀਤਾ ਪੈਸਾ ਊਰਜਾ ਦੀ ਬੱਚਤ ਦੇ ਰੂਪ ਵਿੱਚ ਸਿਰਫ ਦੋ ਸਾਲਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਉਨਾਂ ਪੇਂਡੂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ-ਧਨ ਦੇ ਨਾਲ ਬਾਇਓ-ਗੈਸ ਪਲਾਂਟ ਸਥਾਪਿਤ ਕਰਕੇ ਆਪਣੇ ਖਰਚੇ ਘਟਾਉਣ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ‘ਚ ਸਹਿਯੋਗ ਦੇਣ। ਉਨਾਂ ਕਿਹਾ ਕਿ ਜ਼ਿਲੇ ਦੇ ਹਰੇਕ ਪਿੰਡ ਵਿੱਚ ਜ਼ਿਆਦਾ ਤੋਂ ਜਿਆਦਾ ਬਾਇਓ-ਗੈਸ ਪਲਾਂਟ ਲਗਾਉਣੇ ਚਾਹੀਦੇ ਹਨ, ਕਿਉਂਕਿ ਇਸ ਤਰਾਂ ਕਰਨ ਨਾਲ ਜਿੱਥੇ ਬਿਜਲੀ ਦੀ ਬੱਚਤ ਹੁੰਦੀ ਹੈ, ਉਥੇ ਹੀ ਸਰਕਾਰ ਵੱਲੋਂ ਇਸ ’ਤੇ ਵੱਡੀਆਂ ਸਬ-ਸਿਡੀਆਂ ਦਿੱਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਬਾਇਓ ਗੈਸ ਪਲਾਂਟ ਦੀ ਰਹਿੰਦ-ਖੂੰਹਦ ਨਾਲ ਉਤਮ ਕੁਆਲਿਟੀ ਦੀ ਖਾਦ ਬਣਦੀ ਹੈ ਜੋ ਕਿ ਖੇਤੀ ਲਈ ਵਧੇਰੇ ਲਾਭਦਾਇਕ ਸਾਬਤ ਹੁੰਦੀ ਹੈ। ਜ਼ਿਲਾ ਮੈਨੇਜਰ ਪੇਡਾ ਸ੍ਰੀ ਅਨੁਪਮ ਨੰਦਾ ਨੇ ਦੱਸਿਆ ਕਿ ਸਰਕਾਰ ਵੱਲੋਂ ਪੋਲਟਰੀ ਫ਼ਾਰਮਾਂ ‘ਤੇ ਵੀ ਬਾਇਓ-ਗੈਸ ਲਗਾਉਣ ਦੀ ਸਹੂਲਤ ਸੁਰੂ ਕੀਤੀ ਗਈ ਹੈ, ਕਿਉਂਕਿ ਮੁਰਗੀਆਂ ਦੀਆਂ ਬਿੱਠਾਂ ਆਦਿ ਨੂੰ ਵੀ ਬਾਇਓ ਗੈਸ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨਾਂ ਹੋਰ ਦੱਸਿਆ ਕਿ ਵਿਦਿਅਕ ਅਦਾਰਿਆਂ, ਹਸਪਤਾਲਾਂ ਅਤੇ ਘਰਾਂ ਵਿੱਚ ਸ਼ੋਲਰ ਨੈਟ ਮੀਟਿਰਿੰਗ ਸਿਸਟਮ ਲਗਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲਾਭਪਾਤਰੀਆਂ ਨੂੰ ਇੰਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਨਾਂ ਨਾਲ ਮੋਬਾਈਲ ਨੰਬਰ 79869-98553 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


