ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ ਨੇ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਰੋਸ ਦਿੱਤਾ ਧਰਨਾ

ਮੋਗਾ,2 ਜਨਵਰੀ (ਜਸ਼ਨ)-ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਰੋਸ ਧਰਨਾ ਦਿੱਤਾ ਗਿਆ। ਜ਼ਿਲੇ ਦੇ ਵੱਖਵੱਖ ਪਿੰਡਾਂ ਵਿਚੋਂ ਇਕੱਤਰ ਹੋਏ ਕਾਮਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਆਖਿਆ ਕਿ ਸਰਕਾਰਾਂ ਵੱਲੋਂ ਨਰੇਗਾ ਹੱਕ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ। ਨਰੇਗਾ ਹੱਕ ’ਤੇ ਪਹਿਰਾ ਦੇਣ ’ਤੇ ਇਸ ਨੂੰ ਵਧਾਉਣਾ ਅੱਜ ਕਾਮਿਆਂ ਦੀ ਖ਼ੁਦ ਦੀ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨਾਲ ਅਤੇ ਪੰਜਾਬ ਸਰਕਾਰ ਹਰ ਘਰ ਨੌਕਰੀ ਦੇਣ ਦੇ ਵਾਅਦੇ ਨਾਲ ਸਤਾ ਵਿਚ ਆਈ ਸੀ ਪਰ ਦਿਨੋਂ ਦਿਨ ਘੱਟ ਰਹੇ ਰੁਜ਼ਗਾਰ ਇਨਾਂ ਸਰਕਾਰਾਂ ਦੀ ਪੋਲ ਖੋਲ ਰਹੇ ਹਨ। ਉਨਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਨਿਆਂ ਨੂੰ ਖੁੱਲੇ ਗੱਫ਼ੇ, ਰਿਆਇਤਾਂ ਅਤੇ ਬੇਰੋਕ ਲੁੱਟ ਲਈ ਖੁੱਲ ਦੇ ਰਾਹੀਆਂ ਹਨ। ਜਦ ਕਿ ਕਿਰਤੀ ਕਾਮਿਆਂ ਦੀ ਕਮਾਈ ਨੂੰ ਹੜੱਪਿਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਅਤੇ ਸੀਨੀ. ਮੀਤ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਨਰੇਗਾ ਨੂੰ ਪਾਰਦਰਸ਼ੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਯੂਨੀਅਨ ਲੰਬੇ ਸਮੇਂ ਤੋਂ ਮੈਦਾਨ ਵਿਚ ਹੈ। ਜਿਸ ਨੇ ਨਰੇਗਾ ਮਜ਼ਦੂਰਾਂ ਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਬਹੁਤ ਕੁੱਝ ਪ੍ਰਾਪਤ ਕਰਨਾ ਬਾਕੀ ਹੈ। ਉਨਾਂ ਕਿਹਾ ਕਿ ਨਰੇਗਾ ਕੰਮ ਮੰਗ ਅਨੁਸਾਰ ਮਿਲੇ ਅਤੇ ਕੰਮ ਦੇ ਮੰਗ ਦੀ ਰਸੀਦ ਯਕੀਨੀ ਬਣਾਈ ਜਾਵੇ। ਨਰੇਗਾ ਕੰਮ ਦਿਨਾਂ ਦੀ ਗਰੰਟੀ 200 ਦਿਨ ਅਤੇ ਦਿਹਾੜੀ 600 ਰੁਪਏ ਹੋਵੇ। ਆਰਥਿਕ ਥੁੜੋਂ ਕਾਰਨ ਗ਼ਰੀਬਾਂ, ਔਰਤਾਂ ’ਤੇ ਚੜਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਕੁਲਦੀਪ ਭੋਲਾ, ਏ.ਆਈ. ਵਾਈ ਐਫ. ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ ਅਤੇ ਏ.ਆਈ. ਐਸ.ਐਫ. ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਅਤੇ ਪੰਜਾਬ ਇਸਤਰੀ ਸਭਾ ਦੀ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੇ ਲੋਕਾਂ ਲਈ ਵਿੱਦਿਆ, ਰੁਜ਼ਗਾਰ ਅਤੇ ਇਲਾਜ ਔਖਾ ਕਰ ਦਿੱਤਾ ਹੈ। ਲੋਕ ਜ਼ਿੰਦਗੀ ਦੀਆਂ ਲੋੜਾਂ ਤੋਂ ਵਿਹੂਣੇ ਦਿਨ ਕੱਟੀ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਧੂੜਕੋਟ, ਮੰਗਤ ਰਾਏ, ਮਹਿੰਦਰ ਸਿੰਘ ਧੂੜਕੋਟ, ਸੁਖਦੇਵ ਭੋਲਾ,ਹਰਭਜਨ ਬਿਲਾਸਪੁਰ,ਸਿਕੰਦਰ ਸਿੰਘ ਮਧੇਕੇ, ਸਰਬਜੀਤ ਕੌਰ ਬੁੱਧ ਸਿੰਘ ਵਾਲਾ,ਗੁਰਮੀਤ ਸਿੰਘ, ਰਾਮ ਸਿੰਘ ਮਾਣੂੰਕੇ,ਸਬਰਾਜ ਢੁੱਡੀਕੇ, ਹਰਪ੍ਰੀਤ ਬਾਵਾ,ਇਕਬਾਲ ਤਖਾਣਵੱਧ, ਜਗਵਿੰਦਰ ਕਾਕਾ,ਮੰਗਤ ਬੁੱਟਰ, ਮਲਕੀਤ ਚੜਿੱਕ ਸਮੇਤ ਵੱਡੀ ਗਿਣਤੀ ਵਿਚ ਨਰੇਗਾ ਮਜ਼ਦੂਰ ਹਾਜ਼ਰ ਸਨ।