‘ਸਾਂਝੀ ਰਸੋਈ’ ਦਾ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਹੋ ਰਿਹਾ ਕਾਫ਼ੀ ਲਾਹੇਵੰਦ ਸਾਬਤ-ਡਿਪਟੀ ਕਮਿਸ਼ਨਰ

ਮੋਗਾ 3 ਜਨਵਰੀ(ਜਸ਼ਨ)-ਗਰੀਬ ਲੋਕਾਂ ਨੂੰ ਘੱਟ ਕੀਮਤ ’ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ‘ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਸਫ਼ਲਤਾ ਪੂਰਵਿਕ ਚੱਲ ਰਹੀ ਹੈ। ਇਸ ਸਾਂਝੀ ਰਸੋਈ ’ਚ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਲਗਭੱਗ 150 ਵਿਅਕਤੀ ਪੌਸ਼ਟਿਕ ਭੋਜਨ ਦਾ ਆਨੰਦ ਮਾਣਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਦੱਸਿਆ ਕਿ 31 ਮਈ, 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ ‘ਚ ਹੁਣ ਤੱਕ 38 ਹਜ਼ਾਰ 127 ਵਿਅਕਤੀ ਖਾਣਾ ਖਾ ਚੁੱਕੇ ਹਨ। ਉਨਾਂ ਦੱਸਿਆ ਕਿ ਸਾਂਝੀ ਰਸੋਈ ਪ੍ਰੋਜੈਕਟ ਵਿੱਚ ਇਹ ਰਸੋਈ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਗਰੀਬ ਲੋਕਾਂ ਨੂੰ ਘੱਟ ਕੀਮਤ ’ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾ ਰਹੀ ਹੈ। ਉਨਾਂ ਦੱਸਿਆ ਕਿ ਜ਼ਰੂਰਤਮੰਦ ਵਿਅਕਤੀਆਂ ਨੂੰ ਸਾਂਝੀ ਰਸੋਈ 10 ਰੁਪਏ ਦੀ ਥਾਲ਼ੀ ਉਪਲੱਭਧ ਕਰਵਾ ਰਹੀ ਹੈ, ਜਿਸ ਵਿੱਚ ਦਾਲ, ਸਬਜ਼ੀ, 4 ਫੁਲਕੇ ਅਤੇ ਚਾਵਲ ਦਿੱਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ। ਉਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਾਂਝੀ ਰਸੋਈ ਪ੍ਰੋਜੈਕਟ ਨੂੰ ਹੋਰ ਵਧੀਆ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਸਤਿਨਾਮ ਸਿੰਘ ਨੇ ਕਿਹਾ ਕਿ 10 ਰੁਪਏ ਵਿੱਚ ਦਿੱਤਾ ਜਾ ਰਿਹਾ ਖਾਣਾ ਪੌਸ਼ਟਿਕ ਅਤੇ ਸਵਾਦਿਸ਼ਟ ਹੈ, ਜਿਸ ਤੋ ਗਰੀਬ ਲੋਕ ਲਾਭ ਉਠਾ ਰਹੇ ਹਨ।


