ਯੂ-ਡਾਇਸ ਡਾਟਾ ਦੀਆਂ ਤਰੁੱਟੀਆਂ ਨੂੰ 10 ਜਨਵਰੀ ਤੱਕ ਦਰੁੱਸਤ ਕਰਨ ਨੂੰ ਸਕੂਲ ਮੁਖੀ ਯਕੀਨੀ ਬਣਾਉਣ-ਡੀ.ਈ.ਓ (ਸੈ) ਗੁਰਦਰਸ਼ਨ ਸਿੰਘ ਬਰਾੜ

ਮੋਗਾ 3 ਜਨਵਰੀ(ਜਸ਼ਨ)-ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਸ. ਗੁਰਦਰਸ਼ਨ ਸਿੰਘ ਬਰਾੜ ਨੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਅਤੇ ਸਕੂਲ ਸਿੱਖਿਆ ਵਿਭਾਗ, ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋ ਹਰ ਸਾਲ ਸਮੂਹ ਰਾਜਾਂ ਵਿੱਚ ਕਰਵਾਏ ਜਾਂਦੇ ਯੂ-ਡਾਇਸ (ਯੂਨੀਫਾਈਡ ਡਿਸਟਿ੍ਰਕਟ ਇਨਫ਼ਾਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ) ਸਰਵੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂ-ਡਾਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ/ਏਡਿਡ/ਪ੍ਰਾਈਵੇਟ/ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿੱਚ ਮੌੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ। ਉਨਾਂ ਕਿਹਾ ਕਿ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ, ਕਿਤਾਬਾਂ, ਮਿਡ ਡੇ ਮੀਲ ਅਤੇ ਹੋਰ ਬੁਨਿਆਦੀ ਸਹੂਲਤਾਂ ਯੂ-ਡਾਇਸ ਡਾਟਾ ਦੇ ਅਧਾਰ ‘ਤੇ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਲਈ ਸਮੂਹ ਸਕੂਲਾਂ ਦਾ ਡਾਟਾ ਜ਼ਮੀਨੀ ਹਕੀਕਤਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ, ਪ੍ਰੰਤੂ ਸਕੂਲਾਂ ਵੱਲੋ ਅਪਡੇਟ ਕੀਤੇ ਡਾਟਾ ਵਿੱਚ ਵੱਡੇ ਪੱਧਰ ‘ਤੇ ਕਮੀਆਂ ਹਨ। ਇਸ ਲਈ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਮੁਖੀਆਂ ਨੂੰ ਆਖਰੀ ਮੌਕਾ ਦਿੰਦੇ ਹੋਏ 10 ਜਨਵਰੀ ਤੱਕ ਤਰੁੱਟੀਆਂ ਦੂਰ ਕਰਕੇ ਦਰੁੱਸਤ ਕਰਨ ਦੀ ਹਦਾਇਤ ਕੀਤੀ ਗਈ ਹੈ, ਤਾਂ ਜ਼ੋ ਕੋਈ ਵੀ ਵਿਦਿਆਰਥੀ ਜਾਂ ਸਕੂਲ ਗਲਤ ਡਾਟਾ ਅਪਡੇਟ ਹੋਣ ਕਾਰਨ ਸਰਕਾਰ ਤੋ ਮਿਲਣ ਵਾਲੀ ਸਹੂਲਤ ਤੋ ਵਾਂਝਾ ਨਾ ਰਹੇ।ਉਨਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਇਸ ਤੋ ਬਾਅਦ ਹੋਰ ਕੋਈ ਵੀ ਮੌਕਾ ਨਹੀ ਦਿੱਤਾ ਜਾਵੇਗਾ ਅਤੇ ਸਬੰਧਤ ਸਕੂਲ ਮੁਖੀ ਆਪਣੇ ਸਕੂਲ ਦੇ ਡਾਟਾ ਲਈ ਜ਼ਿੰਮੇਵਾਰ ਹੋਣਗੇ। ਇਸ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਕੋ-ਆਰਡੀਨੇਟਰ ਐਮ.ਆਈ.ਐਸ. ਜੈਵਲ ਜੈਨ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਨਿਵੇਕਲੀ ਪਹਿਲ ਕਰਦਿਆਂ ਇਸ ਵਾਰ ਯੂ-ਡਾਇਸ ਸਰਵੇ ਦਾ ਡਾਟਾ ਪੋਰਟਲ ਈ-ਪੰਜਾਬ ਸਕੂਲ ਨਾਲ ਲਿੰਕ ਕਰਦੇ ਹੋਏ ਆਨ-ਲਾਈਨ ਹੀ ਅਪਡੇਟ ਕਰਵਾਇਆ ਗਿਆ ਸੀ। ਉਨਾਂ ਦੱਸਿਆ ਕਿ ਵਿਭਾਗ ਦੇ ਇਸ ਪੋਰਟਲ ‘ਤੇ ਸਮੂਹ ਸਕੂਲ ਪਹਿਲਾਂ ਹੀ ਸਮੁੱਚਾ ਡਾਟਾ ਅਪਡੇਟ ਕਰਦੇ ਹਨ, ਪ੍ਰੰਤੂ ਯੂ-ਡਾਇਸ ਡਾਟਾ ਨੂੰ ਘੋਖਣ ਉਪਰੰਤ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਵੱਲੋ ਸਕੂਲ ਵਿੱਚ ਮੌੋਜੂਦ ਬੁਨਿਆਦੀ ਸਹੂਲਤਾਂ ਜਿਵੇਂ ਕਿ ਕਮਰੇ, ਟਾਇਲਟਸ, ਫ਼ਰਨੀਚਰ, ਲੈਬਾਂ ਅਤੇ ਵਿਸ਼ੇਸ਼ ਤੌਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਹੀ ਅਪਡੇਟ ਨਹੀ ਕੀਤੀ ਗਈ ਹੈ ਜਦੋ ਕਿ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਮੁੱਚੀਆਂ ਸਹੂਲਤਾਂ ਯੂ-ਡਾਇਸ ਡਾਟਾ ਅਨੁਸਾਰ ਹੀ ਮਿਲਦੀਆਂ ਹਨ। ਉਨਾਂ ਕਿਹਾ ਕਿ ਯੂ-ਡਾਇਸ ਡਾਟਾ ਹੀ ਆਉਣ ਵਾਲੇ ਸਾਲ ਦੇ ਪਲਾਨ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਦਿਸ਼ਾ ਤੈਅ ਕਰਦਾ ਹੈ, ਇਸ ਲਈ ਸਮੂਹ ਸਕੂਲ ਮੁਖੀਆਂ ਨੂੰ ਯੂ-ਡਾਇਸ ਡਾਟਾ ਵਿੱਚ 10 ਜਨਵਰੀ, 2018 ਤੱਕ ਆਪਣੀ ਨਿਗਰਾਨੀ ਹੇਠ ਪੋਰਟਲ ਈ-ਪੰਜਾਬ ਸਕੂਲ ਰਾਹੀ ਆਨ-ਲਾਈਨ ਦਰੁੱਸਤੀ ਕਰਨ ਲਈ ਪਾਬੰਦ ਕੀਤਾ ਗਿਆ ਹੈ।


