ਡੇਅਰੀ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸਕੀਮ ਦੇ ਵੱਖ-ਵੱਖ ਕੰਪੌਨੈਂਟਾਂ ਸਬੰਧੀ ਹੋਈ ਵਰਕਸ਼ਾਪ

ਮੋਗਾ 3 ਜਨਵਰੀ(ਜਸ਼ਨ)-ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਨਾਬਾਰਡ ਪੰਜਾਬ ਖੇਤਰ ਵੱਲੋਂ ਅੱਜ ਸਾਂਝੇ ਤੌਰ ‘ਤੇ ਡੇਅਰੀ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸਕੀਮ ਦੇ ਵੱਖ-ਵੱਖ ਕੰਪੋਨੈਟਾਂ ਸਬੰਧੀ ਇੱਕ ਵਰਕਸ਼ਾਪ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਐਟ ਮੋਗਾ, ਜ਼ਿਲਾ ਮੋਗਾ ਵਿਖੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਡੇਅਰੀ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਸਕੀਮ ਅਧੀਨ ਆਉਂਦੇ ਕੰਪੌਨੈਟਾਂ ਖਾਸ ਕਰਕੇ ਦੁੱਧ ਚੁਆਈ ਤੇ ਦੁੱਧ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਸਾਜੋਸਮਾਨ ਦਾ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਦੇਣਾ ਅਤੇ ਪ੍ਰੇਰਿਤ ਕਰਸੀ। ਡੀ.ਡੀ.ਐਮ ਨਬਾਰਡ ਮੋਗਾ ਸ੍ਰੀ ਨਰਿੰਦਰ ਕੁਮਾਰ ਨੇ ਵਰਕਸ਼ਾਪ ਵਿੱਚ ਆਏ ਲਾਭਪਾਤਰੀਆਂ ਨੂੰ ਡੇਅਰੀ ਇੰਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸਕੀਮ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਅਤੇ ਇਸ ਸਕੀਮ ਅਧੀਨ ਲਾਭ ਲੈਣ ਲਈ ਢੰਗ ਤਰੀਕਿਆਂ ਬਾਰੇ ਦੱਸਿਆ। ਉਨਾਂ ਸਪੱਸ਼ਟ ਕੀਤਾ ਕਿ ਇਹ ਸਕੀਮ ਬੈਂਕ ਕਰਜ਼ੇ ਨਾਲ ਜੁੜੀ ਹੌਈ ਹੈ। ਕਰਜ਼ਾ ਘੱਟੋ-ਘੱਟ 3 ਸਾਲ ਰੱਖਣਾ ਪੈਦਾ ਹੈ ਅਤੇ ਜਨਰਲ ਕੈਟਾਗਿਰੀ ਲਈ 25 ਪ੍ਰਤੀਸ਼ਤ ਸਬਸਿਡੀ ਤੇ ਅਨੁਸੂਚਿਤ ਜਾਤੀ ਲਈ 33.33 ਪ੍ਰਤੀਸ਼ਤ ਬੈਕ ਐਡਿੰਡ ਹੈ। ਉਨਾਂ ਦੱਸਿਆ ਕਿ ਲਾਭਪਾਤਰੀ ਆਪਣਾ ਬਿਨੈਪੱਤਰ ਆਪਣੀ ਮਰਜੀ ਦੇ ਬੈਂਕ ਨੂੰ ਭੇਜ਼ ਸਕਦਾ ਹੈ ਅਤੇ ਬਿਨੇ ਪੱਤਰਾਂ ਨੂੰ ਬੈਂਕਾਂ ਨੂੰ ਸਿਫ਼ਾਰਸ਼ ਕਰਨ ਦਾ ਅਧਿਕਾਰ ਡੇਅਰੀ ਵਿਕਾਸ ਵਿਭਾਗ ਦੇ ਜ਼ਿਲਾ ਅਧਿਕਾਰੀ ਕੋਲ ਹੈ। ਉਨਾਂ ਕਿਹਾ ਕਿ ਸਬਸਿਡੀ ਨਬਾਰਡ ਖੇਤਰੀ ਦਫ਼ਤਰ ਵੱਲੋ ਜਾਰੀ ਕੀਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ 5 ਸਤੰਬਰ, 2017 ਤੋਂ ਇਸ ਸਕੀਮ ਦਾ ਆਨ-ਲਾਈਨ ਪੋਰਟਲ ਤਿਆਰ ਹੋ ਗਿਆ ਹੈ ਅਤੇ ਹੁਣ ਸਬਸਿਡੀ ਦਾ ਕਲੇਮ ਬੈਂਕ ਦੇ ਕੰਟਰੋਲਿੰਗ ਦਫ਼ਤਰ ਵੱਲੋ ਇਸ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ, ਜਿਸ ਕਾਰਣ ਹੁਣ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਬੜੀ ਪਾਰਦਰਸ਼ਤਾ ਆਈ ਹੈ। ਸ੍ਰੀ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਨੇ ਇਸ ਮੌਕੇ ਡੇਅਰੀ ਇੰਟਰਪ੍ਰਨਿੳਰਸ਼ਿਪ ਡਿਵੈਲਪਮੈਂਟ ਸਕੀਮ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਲਾਭਪਾਤਰੀਆਂ ਦੀ ਯੋਗਤਾ, ਸਕੀਮ ਤੋ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ, ਸਕੀਮ ਦੇ ਵੱਖ-ਵੱਖ ਕੰਪੋਨੈਟਾਂ ਅਤੇ ਸਕੀਮ ਅਧੀਨ ਮਿਲਣ ਵਾਲੇ ਲਾਭਾਂ ਸਬੰਧੀ ਇੱਕ ਪਾਵਰ ਪੁਆੰਿੲੰਟ ਪ੍ਰਦਰਸ਼ਨੀ ਪੈਸ਼ ਕੀਤੀ। ਉਨਾਂ ਦੱਸਿਆ ਕਿ ਡੇਅਰੀ ਇੰਟਰਪ੍ਰਨਿੳਰਸ਼ਿਪ ਡਿਵੈਲਪਮੈਂਟ ਸਕੀਮ ਡੇਅਰੀ ਫਾਰਮਿੰਗ ਦੀ ਸ਼ੂਰੂ ਤੋਂ ਅਖੀਰ ਤੱਕ ਸਹਾਇਤਾ ਉਪਲਬਧ ਕਰਵਾਉਂਦੀ ਹੈ। ਇਸ ਰਾਹੀ ਲਾਭਪਾਤਰੀ ਨਵਾਂ ਡੇਅਰੀ ਫ਼ਾਰਮ ਬਣਾ ਸਕਦਾ ਹੈ ਅਤੇ ਕੱਟੜੂ-ਵੱਛੜੂ ਪਾਲਣ ਦਾ ਕੰਮ ਕਰ ਸਕਦਾ ਹੈ। ਡੇਅਰੀ ਫਾਰਮ ‘ਤੇ ਵਰਮੀ ਕੰਪੋਸਟ ਤਿਆਰ ਕਰ ਸਕਦਾ ਹੈ। ਦੁੱਧ ਚੋਣ ਅਤੇ ਠੰਡਾ ਕਰਨ ਲਈ ਲੋੜੀਦੀ ਮਸ਼ੀਨਰੀ ਲੈ ਸਕਦਾ ਹੈ। ਦੁੱਧ ਪ੍ਰੋਸੈਸਿੰਗ ਲਈ ਲੋੜੀਦੀ ਮਸ਼ੀਨਰੀ ਖਰੀਦ ਸਕਦਾ ਹੈ ਅਤੇ ਦੁੱਧ ਉਤਪਾਦਾਂ ਦੀ ਢੋਆ-ਢੋਆਈ ਲਈ ਸਹੂਲਤ ਪੈਦਾ ਕਰ ਸਕਦਾ ਹੈ। ਦੁੱਧ ਉਤਪਾਦ ਰੱਖਣ ਲਈ ਕੋਲਡ ਸਟੋਰ ਅਤੇ ਵਿਕਰੀ ਲਈ ਡੇਅਰੀ ਮਾਰਕੀਟਿੰਗ ਆਉਟਲੈਟ ਬਣਾ ਸਕਦਾ ਹੈ। ਉਨਾਂ ਇਹ ਵੀ ਦੱਸਿਆ ਕਿ ਇੱਕ ਲਾਭਪਾਤਰੀ ਸਾਰੇ ਕੰਪੌਨੈਟਾਂ ਦਾ ਲਾਭ ਲੈ ਸਕਦਾ ਹੈ ਅਤੇ ਇੱਕ ਪ੍ਰੀਵਾਰ ਦੇ ਦੋ ਮੈਂਬਰ 500 ਗਜ਼ ਦੀ ਦੂਰੀ ‘ਤੇ ਵੱਖਰਾ-ਵੱਖਰਾ ਯੂਨਿਟ ਬਣਾ ਕੇ ਵੀ ਲਾਭ ਲੈ ਸਕਦੇ ਹਨ, ਪ੍ਰੰਤੂ ਇਹ ਲਾਭ ਇੱਕ ਵਾਰ ਹੀ ਉਪਲੱਬਧ ਹੋਣਗੇ। ਉਨਾਂ ਦੱਸਿਆ ਕਿ ਸਾਲ 2017-18 ਅਧੀਨ ਇਸ ਸਕੀਮ ਤਹਿਤ ਪੰਜਾਬ ਨੂੰ 1179.75 ਲੱਖ ਰੁਪਏ ਦੀ ਐਲੋਕੇਸ਼ਨ ਹੋਈ ਹੈ। ਉਨਾਂ ਵਰਕਸ਼ਾਪ ਵਿੱਚ ਆਏ ਦੋਧੀਆਂ, ਦੁੱਧ ਦੇ ਠੇਕੇਦਾਰਾਂ, ਦੁੱਧ ਤੋਂ ਦੁੱਧ ਪਦਾਰਥ ਬਣਾਉਣ ਵਾਲਿਆਂ ਅਤੇ ਮਿਲਕ ਪਲਾਂਟ ਦੇ ਨੁਮਾਇੰਦਿਆਂ ਨੂੰ ਜ਼ੋਰ ਦੇ ਕੇ ਅਪੀਲ ਕੀਤੀ ਕਿ ਉਹ ਆਪਣੇ ਕੰਮ ਵਿੱਚ ਸੁਧਾਰ ਲਿਆ ਕੇ ਉਸ ਨੂੰ ਆਧੁਨਿਕ ਬਣਾਉਣ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਮਿਆਰਾਂ ਨੂੰ ਅਪਣਾਉਣ ਲਈ ਇਸ ਸਕੀਮ ਦਾ ਭਰਪੂਰ ਲਾਹਾ ਲੈਣ। ਇਸ ਵਰਕਸ਼ਾਪ ਵਿੱਚ ਲੀਡ ਬੈਂਕ ਮੈਨੇਜਰ ਸਵਰਨਜੀਤ ਸਿੰਘ ਗਿੱਲ ਮੋਗਾ, ਐਲ.ਡੀ.ਐਮ ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨਿਰਵੈਰ ਸਿੰਘ ਬਰਾੜ ਅਤੇ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦਿਲਬਾਗ ਸਿੰਘ ਹਾਂਸ ਨੇ ਵਰਕਸ਼ਾਪ ਵਿੱਚ ਆਏ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।


