ਜੁਵੇਨਾਈਲ ਜਸਟਿਸ ਐਕਟ 2015 ‘ਚ ਹੋਈ ਸੋਧ ਸਬੰਧੀ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੀ ਹੋਈ ਟ੍ਰੇਨਿੰਗ-ਜ਼ਿਲਾ ਬਾਲ ਸੁਰੱਖਿਆ ਅਫ਼ਸਰ

ਮੋਗਾ 6 ਜਨਵਰੀ(ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਮੋਗਾ ਦੀ ਰਹਿਨੁਮਾਈ ਹੇਠ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਵੱਲੋਂ ਜੁਵੇਨਾਈਲ ਜਸਟਿਸ ਐਕਟ 2015 ਵਿੱਚ ਹੋਈ ਸੋਧ ਸਬੰਧੀ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੇ ਮੈਂਬਰਾਂ ਨੂੰ ਸਿਵਲ ਲਾਈਨਜ਼ ਪੁਲਿਸ ਵਿਭਾਗ ਮੋਗਾ ਵਿਖੇ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਦੌਰਾਨ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਵੱਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਦੇ ਮੈਂਬਰਾਂ ਨੁੰ ਐਕਟ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹੜੇ ਕੇਸਾਂ ਵਿੱਚ ਐਫ.ਆਈ.ਆਰ ਅਤੇ ਕਿਸ ਤਰਾਂ ਦੇ ਕੇਸਾਂ ਵਿੱਚ ਡੀ.ਡੀ.ਆਰ ਕਰਨੀ ਲਾਜ਼ਮੀ ਬਣਾਈ ਜਾਵੇ। ਉਨਾਂ ਦੱਸਿਆ ਕਿ ਜੇਕਰ ਉਨਾਂ ਕੋਲ ਕਿਸੇ ਬੱਚੇ ਦਾ ਕੇਸ ਆਉਂਦੇ ਹੈ, ਤਾਂ ਉਸ ਬੱਚੇ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਿ੍ਰੰਸੀਪਲ ਮੈਜਿਸਟ੍ਰੇਟ ਜੁਵੇਨਾਈਲ ਜਸਟਿਸ ਬੋਰਡ ਮੋਗਾ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਬੱਚਿਆਂ ਦੇ ਕੇਸਾਂ ਸਬੰਧੀ ਜ਼ਿਲਾ ਬਾਲ ਸੁਰੱਖਿਆ ਯੂਨਿਟ ਨਾਲ ਤਾਲਮੇਲ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਮਿਸ ਏਕਤਾ ਅਗਰਵਾਲ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਜ਼ਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਨੂੰ ਪ੍ਰੋਟੈਕਸ਼ਨ ਆਫ਼ ਚਿਲਡਰਨ ਫ਼ਾਰ ਸੈਕਸ਼ੂਅਲ ਓਫ਼ੈਂਸ (ਪੀ.ਓ.ਸੀ.ਐਸ.ਓ) ਐਕਟ 2012 ਅਤੇ ਵਿਭਾਗ ਵੱਲੋਂ ਬੱਚਿਆਂ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਮੇਂ ਇੰਚਾਰਜ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਮੋਗਾ ਭੁਪਿੰਦਰ ਸਿੰਘ ਵੀ ਹਾਜ਼ਰ ਸਨ।