11 ਕੇ.ਵੀ. ਲਈਂ ਘਰੋਂ ਬਾਹਰ ਕੱਢਣ ਲਈ ਬਿਜਲੀ ਬੋਰਡ ਖਿਲਾਫ ਪ੍ਰਦਰਸ਼ਣ

ਸਮਾਲਸਰ,6 ਜਨਵਰੀ (ਗਗਨਦੀਪ)-ਪਿੰਡ ਡੇਮਰੂ ਕਲਾਂ ਦੇ ਘਰ ਅੰਦਰੋਂ 11 ਕੇ.ਵੀ. ਲਾਈਨ ਨਾ ਕੱਢਣ ਦੇ ਵਿਰੋਧ ਵਜੋਂ ਬੀ.ਕੇ.ਯੂ. (ਏਕਤਾ) ਉਗਰਾਹਾਂ ਵੱਲੋਂ ਸਬ ਡਵੀਜਨ ਸਮਾਲਸਰ ਵਿਖੇ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਬਿਜਲੀ ਬੋਰਡ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਆਪਣੇ ਸੰਬੋਧਨ ਵਿੱਚ ਜੱਥੇਬੰਦੀ ਦੇ ਬੁਲਾਰਿਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਡੇਮਰੂ ਕਲਾਂ ਦੇ ਘਰ ਵਿੱਚੋਂ 11 ਕੇ.ਵੀ. ਲਾਈਨ ਬਾਹਰ ਕੱਢਣ ਲਈ ਕਿਤਾਬ ਨੰ. 11513 ਰਸੀਦ ਨੰ. 300 ਮਿਤੀ 16-08-2016 ਰਾਹੀਂ 74369 ਰੁਪਏ ਐਸਟੀਮੇਟ ਨੰ. 631107/16-17 ਦੀ ਰਕਮ ਭਰ ਦਿੱਤੀ ਗਈ ਸੀ। ਲਾਈਨ ਬਦਲੀ ਕਰਨ ਦਾ ਸਾਮਾਨ ਵੀ ਜਾਰੀ ਹੋ ਚੁੱਕਿਆ ਹੈ ਪਰ ਬਿਜਲੀ ਬੋਰਡ ਦੇ ਸਥਾਨਕ ਦਫਤਰ ਦੁਆਰਾ ਲਈਂ ਘਰੋਂ ਬਾਹਰ ਕੱਢਣ ਦਾ ਕੰਮ ਨਹੀਂ ਕੀਤਾ ਗਿਆ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲਾਈਨ ਕੱਢਣ ਦੇ ਕੰਮ ਵਿੱਚ ਹੋਰ ਕੀਤੀ ਗਈ ਤਾਂ ਜੱਥੇਬੰਦੀ ਦੁਆਰਾ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਮੌਜੂਦਾ ਬਿਜਲੀ ਲਾਈਨ ਦੇ ਕਰੰਟ ਨਾਲ ਕੋਈ ਜਾਨੀ ਮਾਲੀ ਨੁਕਸਾਨ ਜਾਂ ਹਾਦਸਾ ਹੋਇਆ ਤਾਂ ਸਬੰਧਤ ਦਫਤਰ ਸਿਰ ਜੁੰਮੇਵਾਰੀ ਹੋਵੇਗੀ। ਇਸ ਮੌਕੇ ਹਰਮੰਦਰ ਸਿੰਘ ਡੇਮਰੂ, ਗੁਰਦੇਵ ਸਿੰਘ ਡੇਮਰੂ, ਬੁੱਕਣ ਸਿੰਘ, ਮਿੱਠੂ ਸਿੰਘ, ਹਰਨੇਕ ਸਿੰਘ, ਗੁਰਨੈਬ ਸਿੰਘ, ਅਜਮੇਰ ਸਿੰਘ, ਜਲੌਰ ਸਿੰਘ ਗਿੱਲ, ਸੁਖਦੇਵ ਸਿੰਘ ਬੰਬੀਹਾ, ਹਰਮੇਸ਼ ਸਿੰਘ ਅਤੇ ਗੁਰਚਰਨ ਸਿੰਘ ਮਾੜੀ ਆਦਿ ਆਗੂ ਵੀ ਹਾਜ਼ਰ ਸਨ।