ਬੀ ਐੱਸ ਐੱਫ ਨੇ ਬਾਰਡਰ ਤੋਂ ਫੜੀ ਹੈਰੋਇਨ ਦੀ ਵੱਡੀ ਖੇਪ ,ਫੜੀ ਹੈਰੋਇਨ ਦਾ ਅੰਤਰਰਾਸਟਰੀ ਬਜ਼ਾਰੀ ਮੁੱਲ ਹੈ 95 ਕਰੋੜ ਰੁਪਏ

ਗੁਰਦਾਸਪੁਰ ,7 ਜਨਵਰੀ (ਜਸ਼ਨ)- ਬੀ ਐੱਸ ਐੱਫ ਦੇ ਜਾਂਬਾਜ਼ ਜਵਾਨਾਂ ਨੇ ਅੱਜ ਹਿੰਦ ਪਾਕਿ ਸਰਹੱਦ ’ਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਬੀ ਐੱਸ ਐੱਫ 170 ਬਟਾਲੀਅਨ ਦੇ ਕਮਾਂਡਰ ਪੀ ਜੇ ਐੱਸ ਨਾਗਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਬੀ ਓ ਪੀ ਪੋਸਟ ਪਿਲਰ 22-12 ਦੇ ਨਜ਼ਦੀਕ ਭਾਰਤੀ ਤਸਕਰਾਂ ਦੀ ਹਲਚਲ ਨੂੰ ਦੇਖਣ ’ਤੇ ਭਾਰਤੀ ਜਵਾਨਾਂ ਨੇ ਤਸਕਰਾਂ ਨੂੰ ਵੰਗਾਰਿਆ ਪਰ ਉਹਨਾਂ ਦੇ ਭੱਜ ਖਲੋਣ ਕਾਰਨ ਬੀ ਐੱਸ ਐੱਫ ਦੇ ਜਵਾਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਪਰ ਇਸ ਦੇ ਬਾਵਜੂਦ ਤਸਕਰ ਸੰਘਣੀ ਧੰੁਦ ਦਾ ਫਾਇਦਾ ਉਠਾਉਂਦਿਆਂ ਖੇਤਾਂ ਵਿਚ ਭੱਜ ਗਏ। ਇਸ ਉਪਰੰਤ ਸ਼ੱਕੀ ਹਾਲਾਤ ਦੇ ਮੱਦੇਨਜ਼ਰ ਬੀ ਐੱਸ ਐੱਫ ਵੱਲੋਂ ਪੂਰੇ ਇਲਾਕੇ ਦੀ ਛਾਣਬੀਣ ਕੀਤੀ ਗਈ ਤਾਂ 19 ਪੈਕਟ ਹੈਰੋਇਨ ਅਤੇ ਇਕ ਲੰਮਾ ਪਲਾਸਟਿਕ ਦਾ ਪਾਈਪ ਬਰਾਮਦ ਕੀਤਾ ਗਿਆ । ਉਹਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਖੇਪ ਦਾ ਅੰਤਰਰਾਸਟਰੀ ਬਜ਼ਾਰੀ ਮੁੱਲ ਅੰਦਾਜ਼ਨ 95 ਕਰੋੜ ਰੁਪਏ ਬਣਦਾ ਹੈ । ਪਾਈਪ ਮਿਲਣ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਸਕਰ ਸਰਹੱਦ ’ਤੇ ਨਸ਼ਿਆਂ ਦੇ ਪੈਕਟ ਕੰਡਿਆਲੀ ਤਾਰ ਹੋਣ ਦੇ ਬਾਵਜੂਦ ਪਾਈਪ ਰਾਹੀਂ ਸਰਹੱਦ ਤੋਂ ਪਾਰ ਕਰਵਾਉਣ ਦੀ ਫਿਰਾਕ ਵਿਚ ਰਹਿੰਦੇ ਹਨ । ਅੱਜ ਦੀ ਇਸ ਖੇਪ ਦੇ ਫੜੇ ਜਾਣ ਨਾਲ ਇਹ ਵੀ ਸਾਹਮਣੇ ਆ ਗਿਆ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਬੇਹੱਦ ਮੁਸਤੈਦ ਸੁਰੱਖਿਆ ਸੈਨਾਵਾਂ ਨੂੰ ਹੋਰ ਕਰੜੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ।


