16 ਕਰੋੜ ਦੀ ਹੈਰੋਇਨ ਤੇ 4 ਲੱਖ ਦੀ ਡਰੱਗ ਮਨੀ ਸਮੇਤ ਦੋ ਤਸਕਰ ਕਾਬੂ

ਫਿਰੋਜ਼ਪੁਰ ,7 ਜਨਵਰੀ (ਪੰਕਜ ਕੁਮਾਰ)-ਬੀਤੇ ਕੱਲ ਕਾਊਂਟਰ ਇੰਟੈਲੀਜੈਂਸਨੇ ਪਾਕਿਸਤਾਨ ਵਿਚ ਬੈਠੀਆਂ ਭਾਰਤ ਵਿਰੋਧੀ ਤਾਕਤਾਂ ਵੱਲੋਂ ਭੇਜੀ ਗਈ 16 ਕਰੋੜ ਤੋਂ ਵੱਧ ਦੀ ਹੈਰੋਇਨ ਤੇ ਹੈਰੋਇਨ ਵੇਚ ਕੇ ਕਮਾਏ 4 ਲੱਖ ਰੁਪਏ ਸਣੇ ਦੋ ਭਾਰਤੀ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚੋਂ ਕਾਬੂ ਕੀਤੇ ਭਾਰਤੀ ਤਸਕਰਾਂ ਬਾਰੇ ਦੱਸਦਿਆਂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਨੇ ਸੁਰਜੀਤ ਤੇ ਪ੍ਰੇਮ ਨਾਮੀ ਤਸਕਰਾਂ ਤੋਂ 3 ਕਿਲੋ 270 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕਰਦਿਆਂ 4 ਲੱਖ ਦੇ ਕਰੀਬ ਡਰੱਗ ਮਨੀ ਮਿਲਣ ਦੀ ਪੁਸ਼ਟੀ ਕੀਤੀ। ਫਿਰੋਜਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਤਸਕਰਾਂ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਤਸਕਰਾਂ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਜ਼ਮੀਨ ਹੈ, ਜਿਥੋਂ ਉਹ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਭਾਰਤ ਵਿਚ ਤਸਕਰੀ ਕਰਦੇ ਸਨ। ਇੰਜ ਭਾਰਤ-ਪਾਕਿ ਸਰਹੱਦ ਦੀ ਕੰਢਿਆਲੀ ਤਾਰ ਦੇ ਦੋਵੇਂ ਪਾਸੇ ਜਮੀਨ ਹੋਣ ਕਰਕੇ ਪਾਕਿਸਤਾਨ ਤੋਂ ਸਮਗਲਿੰਗ ਹੋ ਕੇ ਆਉਂਦੀ ਹੈਰੋਇਨ ਨੂੰ ਇਕ ਜਮੀਨ ਤੋਂ ਦੂਸਰੀ ਜਮੀਨ ਸਹਾਰੇ ਭਾਰਤ ਵਿਚ ਤਸਕਰੀ ਕਰਨ ਵਾਲੇ ਦੋ ਵਿਅਕਤੀ ਦੇ ਕਾਬੂ ਹੋਣ ਨਾਲ ਕਾਊਂਟਰ ਇੰਟੈਲੀਜੈਂਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਜਾਗੀ ਹੈ। ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਨਰਿੰਦਰਪਾਲ ਸਿੰਘ ਸਿੱਧੂ ਨੇ ਜਿਥੇ ਉਕਤ ਬਰਾਮਦਗੀ ਹੋਣ ਦੀ ਪੁਸ਼ਟੀ ਕੀਤੀ, ਉਥੇ ਹੋਰ ਵੀ ਖੁੁਲਾਸੇ ਹੋਣ ਦੀ ਸੰਭਾਵਨਾ ਪ੍ਰਗਟਾਈ। ਪੁਲਿਸ ਅਧਿਕਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਤਸਕਰ ਪ੍ਰੇਮ ਤੇ ਸੁਰਜੀਤ ਤੋਂ ਗਹੁ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਵਿਚ ਬੈਠੇ ਭਾਰਤ ਵਿਰੋਧੀ ਅਨਸਰਾਂ ਦੇ ਨਾਲ-ਨਾਲ ਭਾਰਤ ਵਿਚਲੇ ਹੋਰ ਤਸਕਰਾਂ ਦੀ ਪਹਿਚਾਣ ਹੋ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਤਸਕਰ ਹੁਣ ਨਵੇਂ ਮੁੰਡਿਆਂ ਨਾਲ ਤਾਲਮੇਲ ਕਰਕੇ ਨਸ਼ੇ ਦੀ ਖੇਪ ਨੂੰ ਪਾਕਿਸਤਾਨ ਤੋਂ ਭਾਰਤ ਭੇਜਦੇ ਹਨ  ਲੇਕਿਨ ਬੀਐਸਐਫਤੇ ਪੁਲਿਸ ਵਲੋਂ ਇਨ੍ਹੀ ਦਿਨੀਂ ਚੌਕਸੀ ਵਧਾਈ ਗਈ ਹੈ ਤੇ ਨਾਲ ਹੀ ਖੁਫੀਆ ਸੂਚਨਾਵਾਂ ਦੇ ਅਧਾਰ ਤੇ ਤਸਕਰਾਂ ਨੂੰ ਫੜ ਕੇ ਨਸ਼ੇ ਦੀ ਸਪਲਾਈ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ