ਕਰਜ਼ਾ ਮੁਕਤੀ ਦੀ ਮੁਹਿੰਮ ਸ਼ੁਰੂ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਦਿੱਤਾ ਵਚਨ ਨਿਭਾਇਆ-:ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ

ਅਮਰੀਕਾ,8 ਜਨਵਰੀ (ਜਸ਼ਨ)-‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਝਾ ,ਮਾਲਵਾ ਅਤੇ ਦੁਆਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਲਈ ‘ਕੈਪਟਨ ਕਿਸਾਨ ਯਾਤਰਾ’ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਦੀਕ ਹੋ ਕੇ ਸੁਣਨ ਉਪਰੰਤ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ । ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਅਤੇ ਉਹਨਾਂ ਨੂੰ ਦਿੱਤੇ ਵਚਨ ’ਤੇ ਪੂਰਾ ਉੱਤਰਦਿਆਂ ਮਾਲਵਾ ਖੇਤਰ ਦੇ ਮਾਨਸਾ ਜ਼ਿਲੇ ਤੋਂ ਕਰਜ਼ਾ ਮੁਆਫ਼ੀ ਦੀ ਮੁਹਿੰਮ ਸ਼ੁਰੂ ਕਰਕੇ ਕਿਰਸਾਨੀ ਨੂੰ ਪੈਰਾਂ ਸਿਰ ਹੋਣ ਲਈ ਮੌਕਾ ਪ੍ਰਦਾਨ ਕੀਤਾ ਹੈ।’ ਇਹਨਾਂ ਵਿਚਾਰਾਂ ਦਾ ਪਗ੍ਰਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਤੋਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਫੋਨ ਰਾਹੀਂ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਇਸ ਮੌਕੇ ਉਹ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿਖੇ ਰੁਪਿੰਦਰ ਸਿੰਘ ਸਮਰਾ ਦੇ ਗ੍ਰਹਿ ਵਿਖੇ ਕਾਂਗਰਸ ਦੀ ਸੀਨੀਅਰ ਆਗੂਆਂ ਨਾਲ ਸੂਬੇ ਦੇ ਹਾਲਾਤਾਂ ਬਾਰੇ ਚਰਚਾ ਕਰ ਰਹੇ ਸਨ । ਇਸ ਚਰਚਾ ਦੌਰਾਨ ਉਹਨਾਂ ਨਾਲ ਜਗਤਾਰ ਸਿੰਘ ਸਮਰਾ, ਪਰਮਪਾਲ ਸਿੰਘ ,ਸਾਵਨਪ੍ਰੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ । ਇੰਦਰਜੀਤ ਸਿੰਘ ਤਲਵੰਡੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਦੀ ਕਿਰਸਾਨੀ ਦੇ ਹੱਕ ਵਿਚ ਭੁਗਤ ਕੇ ਪੰਜਾਬ ਦੀ ਰੀੜ ਦੀ ਹੱਡੀ ਵਜੋਂ ਜਾਣੀ ਜਾਂਦੀ ਕਿਰਸਾਨੀ ਨੂੰ ਵਧੇਰੇ ਮਿਹਨਤ ਕਰਨ ਦੀ ਹੱਲਸ਼ੇਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ ਦੇ ਸਿਰ ਚੜਿਆ ਕਰਜ਼ਾ ਮੁਆਫ ਕਰਨ ਦੇ ਐਲਾਨ ਨਾਲ ਸੂਬੇ ਭਰ ਦੇ ਗਰੀਬ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਮੂਹ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਲੋਕ ਹਿਤੂ ਫੈਸਲਿਆਂ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਫੈਸਲੇ ਦਾ ਧੰਨਵਾਦ ਵੀ ਕੀਤਾ।


