ਰੇਲ ਗੱਡੀ ਦੀ ਚਪੇਟ ’ਚ ਆਉਣ ਨਾਲ ਵਿਦਿਆਰਥੀ ਦੀ ਮੌਤ

ਮੋਗਾ, 8 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)- ਮੋਗਾ ਜ਼ਿਲ੍ਹੇ ਦੇ ਜਵਾਹਰ ਸਿੰਘ ਵਾਲਾ ਦੇ ਆਦਰਸ਼ ਸਕੂਲ ਦੇ ਦੋ ਵਿਦਿਆਰਥੀਆਂ ਵੱਲੋਂ ਆਤਮਹੱਤਿਆ ਕਰਨ ਦੀ ਘਟਨਾ ਵਾਲੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਮੋਗਾ ਸ਼ਹਿਰ ਦੇ ਇਕ ਸਕੂਲੀ ਵਿਦਿਆਰਥੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ । ਸਵੇਰੇ 10 ਵਜੇ ਦੇ ਕਰੀਬ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਫਾਟਕਾਂ ਨਜ਼ਦੀਕ ਰੇਲ ਲਾਈਨ ਤੇ ਖੜਾ ਸੀ ਕਿ ਗੱਡੀ ਆ ਗਈ । ਲੋਕਾਂ ਨੇ ਲੜਕੇ ਨੂੰ ਸੁਚੇਤ ਕਰਨ ਲਈ ਆਵਾਜ਼ਾਂ ਵੀ ਮਾਰੀਆਂ ਪਰ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਪੁਲਿਸ ਵੱਲੋਂ ਵਿਦਿਆਰਥੀ ਦੀ ਪਹਿਚਾਣ ਅਤੇ ਮੌਤ ਦੇ ਕਾਰਨਾਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਵਿਦਿਆਰਥੀ ਦੇ ਐੱਸ ਡੀ ਮਾਡਲ ਸਕੂਲ ਦੀ ਬੈਲਟ ਲੱਗੀ ਹੋਣ ਕਰਕੇ ਪਹਿਲਾਂ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਇਹ ਵਿਦਿਆਰਥੀ ਐੱਸ ਡੀ ਮਾਡਲ ਸਕੂਲ ਦਾ ਹੈ ਪਰ ਸਕੂਲ ਪ੍ਰਸਾਸ਼ਨ ਵਲੋਂ ਇਨਕਾਰੀ ਹੋਣ ’ਤੇ ਪੁਲਿਸ ਵੱਲੋਂ ਘੋਖ ਪੜਤਾਲ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਸਬੰਧੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੈਸਲੇ ਫਾਟਕਾਂ ਨੇੜਲੀ ਰੇਲਵੇ ਲਾਈਨ ਦੇ ਵਿਚਕਾਰ ਖੜ੍ਹਾ ਸੀ ਅਤੇ ਗੱਡੀ ਦੇਖਣ ਦੇ ਬਾਵਜੂਦ ਪਾਸੇ ਨਹੀਂ ਹੋਇਆ ਅਤੇ ਮੌਤ ਦੇ ਮੂੰਹ ਜਾ ਪਿਆ । ਇਹ ਵੀ ਆਖਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਕੰਨਾਂ ਨੂੰ ਹੈੱਡਫੋਨ ਲੱਗੇ ਹੋਏ ਸਨ ਤੇ ਉਸ ਨੂੰ ਗੱਡੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਪਰ ਲੋਕਾਂ ਵੱਲੋਂ ਉਸ ਨੂੰ ਅਵਾਜ਼ਾਂ ਮਾਰੇ ਜਾਣ ਦੇ ਬਾਵਜੂਦ ਉਹ ਪਾਸੇ ਨਹੀਂ ਹੋਇਆ ਅਤੇ ਘਟਨਾ ਦਾ ਸ਼ਿਕਾਰ ਹੋ ਗਿਆ। ਪੁਖਤਾ ਵੇਰਵਿਆਂ ਅਨੁਸਾਰ 10ਵੀਂ ਕਲਾਸ ਵਿਚ ਪੜਦਾ ਧੀਰਜ ਸਿੰਘ (17 ਸਾਲ) ਵਾਸੀ ਗੁਰੂ ਰਾਮ ਦਾਸ ਨਗਰ ਮੋਗਾ ਅੱਜ ਦੁਪਹਿਰ ਸਮੇਂ ਫਿਰੋਜ਼ਪੁਰ ਤੋਂ ਲੁਧਿਆਣ ਜਾ ਰਹੀ ਰੇਲ ਗੱਡੀ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾ ਦਿੱਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


