ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਗਾ ਵਿਖੇ ਦਸਮੇਸ਼ ਪਿਤਾ ਜੀ ਦਾ ਅਵਤਾਰ ਪੁਰਬ ਮਨਾਇਆ

ਮੋਗਾ,8 ਜਨਵਰੀ (ਜਸ਼ਨ)-ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ, ਨਿਗਾਹਾ ਰੋਡ ਮੋਗਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨਾਇਆ ਗਿਆ, ਜਿਸ ਵਿੱਚ ਰਖਵਾਏ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸਤਨਾਮ ਸਿੰਘ ਧਰਮਕੋਟ ਵਾਲਿਆਂ ਦੇ ਕੀਰਤਨੀ ਜੱਥੇ ਨੇ ਕਥਾ ਕੀਰਤਨ ਰਾਹੀ ਤਿੰਨੇ ਦਿਨ ਹੀ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇ ਸਮਾਜ ਸੇਵੀ ਆਗੂ ਜਗਸੀਰ ਸਿੰਘ ਖ਼ਾਲਸਾ ਨੇ ਵੀ ਸ਼੍ਰੀ ਅਖੰਡ ਪਾਠਾਂ ਦੇ ਭੋਗ ਸਮੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਜਗਸੀਰ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਹਰ ਸਾਲ ਦੀ ਤਰਾਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾਉਦੇ ਆ ਰਹੇ ਹਨ। ਉਨਾਂ ਕਿਹਾ ਕਿ ਕਈ ਵਾਰ ਅਸੀਂ ਆਪਣੇ ਸਵਾਰਥ ਖਾਤਰ ਸਿੱਖੀ ਇਤਿਹਾਸ ਨੂੰ ਭੁਲ ਕੇ ਕੁਰਾਹੇ ਪੈ ਜਾਂਦੇ ਹਨ ਪਰ ਸਾਨੂੰ ਗੁਰੂਆਂ ਦੇ ਦਰਸਾਏ ਹੋਏ ਮਾਰਗ ’ਤੇ ਚੱਲ ਕੇ ਗੁਰੂ ਵਾਲੇ ਬਣਨ ਦੀ ਲੋੜ ਹੈ। ਸਮਾਗਮ ਦੀ ਸਮਾਪਤੀ ’ਤੇ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਸਾਬਕਾ ਕੌਸਲਰ ਬੀਬੀ ਗੁਰਚਰਨ ਕੌਰ, ਨੌਜਵਾਨ ਆਗੂ ਗੁਰਮੀਤ ਸਿੰਘ ਗਿੱਲ, ਪਰਮਿੰਦਰ ਸਿੰਘ ਬਰਾੜ, ਪ੍ਰਗਟ ਸਿੰਘ ਅਤੇ ਸੁਖਦੇਵ ਸਿੰਘ ਆਦਿ ਸੇਵਾਦਾਰਾਂ ਨੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਾਈ ਸਤਨਾਮ ਸਿੰਘ ਧਰਮਕੋਟ, ਸਮਾਜ ਸੇਵੀ ਆਗੂ ਜਗਸੀਰ ਸਿੰਘ ਖ਼ਾਲਸਾ ਅਤੇ ਭਾਈ ਜਗਜੀਤ ਸਿੰਘ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ। ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ।