ਚੁੱਪਕੀਤੀ ਵਿਖੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ,ਰਾਗੀ, ਢਾਡੀ ਜੱਥਿਆ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਕੀਤਾ ਨਿਹਾਲ

ਮੋਗਾ, 8 ਜਨਵਰੀ (ਜਸ਼ਨ)-ਸਰਬੰਸਦਾਨੀ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜੇ ਨੂੰ ਸਮਰਪਿਤ ਗ੍ਰਾਮ ਪੰਚਾਇਤ, ਨੌਜਵਾਨ ਆਗੂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 11 ਵਜੇ ਤੋਂ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ, ਜੋ ਵੱਖ ਵੱਖ ਪੜਾਵਾਂ ਰਾਹੀਂ ਪਰਿਕਰਮਾ ਕਰਦਾ ਹੋਇਆ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸ਼ਿੰਗਾਰੀ ਬੱਸ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪੰਜ ਪਿਆਰਿਆਂ ਦਾ ਥਾਂ ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇ ਗਿਆਨੀ ਗੁਰਮੇਲ ਸਿੰਘ ਧਰਮਕੋਟੀ ਅਤੇ ਸੁਰਜੀਤ ਸਿੰਘ ਤਾਰੇਵਾਲਾ ਨਵਾਂ ਮੋਗਾ ਆਦਿ ਢਾਡੀ ਜੱਥਿਆ, ਮਸਤਾਕ ਹੀਰਾ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਭਾਈ ਬਲਵਿੰਦਰ ਸਿੰਘ ਅਤੇ ਜਗਸੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿੰਡ ਚੁੱਪਕੀਤੀ ਵਿਖੇ ਹਰੇਕ ਸਾਲ ਦੀ ਤਰਾਂ ਇਸ ਵਾਰ ਵੀ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਉਨਾਂ ਕਿਹਾ ਕਿ ਕੋਈ ਵੀ ਐਸਾ ਪਰਿਵਾਰ ਨਹੀ ਹੋਵੇਗਾ, ਜਿਸ ਨੇ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਨਾ ਲਗਵਾਈ ਹੋਵੇ। ਉਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਲਈ ਸੰਗਤਾਂ ਵਿੱਚ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨਾਂ ਕਿਹਾ ਕਿ ਪਿੰਡ ਵਿੱਚ ਸਾਰੇ ਪੜਾਵਾਂ ’ਤੇ ਲੱਡੂ, ਚਾਹ-ਪਕੌੜੇ, ਬਰੈਡ, ਮੂੰਗਫਲੀ ਅਤੇ ਪੇਸਟਰੀਆਂ ਆਦਿ ਦਾ ਲੰਗਰ ਚੱਲਦਾ ਰਿਹਾ। ਉਨਾਂ ਕਿਹਾ ਕਿ ਨਗਰ ਕੀਰਤਨ ’ਚ ਬੱਸ ਦੀ ਸੇਵਾ ਰਾਮ ਸਿੰਘ, ਟਰੈਕਟਰ-ਟਰਾਲੀਆਂ ਦੀ ਸੇਵਾ ਸੁਖਮੰਦਰ ਸਿੰਘ ਬਰਾੜ ਅਤੇ ਰੇਸ਼ਮ ਸਿੰਘ ਸੰਧੂ ਵੱਲੋ ਕੀਤੀ ਗਈ। ਇਸ ਸਮੇ ਨਗਰ ਕੀਰਤਨ ’ਚ ਸਟੇਜ ਸਕੱਤਰ ਦੀ ਸੇਵਾ ਜਗਸੀਰ ਸਿੰਘ ਖ਼ਾਲਸਾ ਨੇ ਬਾਖੂਬੀ ਨਿਭਾਈ। ਇਸ ਸਮੇ ਗ੍ਰਾਮ ਪੰਚਾਇਤ, ਨੌਜਵਾਨ ਆਗੂ ਅਤੇ ਨਗਰ ਨਿਵਾਸੀ ਆਦਿ ਹਾਜ਼ਰ ਸਨ।