ਕੇਂਦਰੀ ਜੇਲ ਤੋਂ ਸੈਸਨ ਕੋਰਟ ਪੇਸ਼ੀ ਭੁਗਤਣ ਆਇਆ ਤਸਕਰ ਪੁਲਿਸ ਕਸਟਡੀ ’ਚੋਂ ਹੋਇਆ ਫਰਾਰ

ਫਿਰੋਜ਼ਪੁਰ,8 ਜਨਵਰੀ (ਪੰਕਜ ਕੁਮਾਰ)-ਨਾਭਾ ਜੇਲ ਬਰੇਕ ਮਾਮਲੇ ਤੋਂ  ਬਾਅਦ ਮੁਲਜਮਾਂ ਦੇ ਹੌਂਸਲੇ ਇਨੇ ਬੁਲੰਦ ਹੋ ਰਹੇ ਨੇ  ਕਿ ਉਹ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋਣ ਵਿਚ ਕਾਮਯਾਬ ਹੋ ਹੀ ਜਾਂਦੇ ਹਨ।  ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ  ਸਰਹੱਦੀ ਜਿਲਾ ਫਿਰੋਜਪੁਰ ਵਿਖੇੇ ਜਿਥੇ ਅੱਜ ਸੈਸਨ ਕੋਰਟ ਫਿਰੋਜਪੁਰ ਵਿਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਕੇਂਦਰੀ ਜੇਲ ਤੋਂ ਪੇਸ਼ੀ ਭੁਗਤਣ ਆਇਆ ਹਵਾਲਾਤੀ ਪੁਲਿਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਅੱਜ ਸਵੇਰੇ ਸੈਸਨ ਕੋਰਟ ਮਾਣਯੋਗ ਜੱਜ ਰਾਕੇਸ ਕੁਮਾਰ ਦੀ ਅਦਾਲਤ ਵਿਚ ਪੇਸੀ ਭੁਗਤਣ ਆਇਆ ਹਵਾਲਾਤੀ ਰਜਿੰਦਰ ਸਿੰਘ ਪੁੱਤਰ ਲੱਡੂ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਜਿਉਂ ਹੀ ਅਦਾਲਤਾਂ ਵਿਚੋਂ ਬਾਹਰ ਨਿਕਲਿਆ ਤਿਉਂ ਹੀ ਪਹਿਲਾਂ ਤੋਂ ਖੜੀ ਡਸਕਟਰ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਿਆ। ਅਫੀਮ ਤਸਕਰੀ ਦੇ ਮਾਮਲੇ ਵਿਚਲੇ ਮੁਲਜਮ ਦੇ ਫਰਾਰ ਹੁੰਦਿਆਂ ਹੀ ਕੋਰਟ ਵਿਚ ਭਾਵੇਂ ਸਖਤੀ ਕਰ ਦਿੱਤੀ, ਪ੍ਰੰਤੂ ਮਿੰਟਾਂ-ਸਕਿੰਟਾਂ ਵਿਚ ਔਹ ਗਿਆ-ਔਹ ਗਿਆ ਨੇ ਕੋਰਟ ਵਿਚ ਸਨਾਟੇ ਦਾ ਮਾਹੌਲ ਪੈਦਾ ਕਰ ਦਿੱਤਾ। ਕੋਰਟ ਵਿਚੋਂ ਫਰਾਰ ਹੋਏ ਤਸਕਰ ਦੀ ਗੱਲ ਕਰਦਿਆਂ ਐਸ.ਐਚ.ਓ ਨਵੀਨ ਕੁਮਾਰ ਨੇ ਦੱਸਿਆ ਕਿ ਇਲਾਕੇ ਸੀਲ ਕਰਕੇ ਮੁਲਜਮ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫਰਾਰ ਤਸਕਰ ਦੀ ਗਿ੍ਰਫਤਾਰੀ ਲਈ ਇਲਾਕੇ ਨੂੰ ਸੀਲ ਕਰਕੇ ਹਰੇਕ ਵਹੀਕਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਹਿਰਹਾਲ ਪੁਲਿਸ ਕਸਟਡੀ ਵਿਚ ਕੈਦੀ ਦੇ ਫਰਾਰ ਹੋ ਜਾਨ ਤੋਂ ਬਾਅਦ ਹੁਣ ਜਿਥੇ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜੇ ਹੋ ਰਹੇ ਨੇ ਉਥੇ ਹੀ ਪੁਲਿਸ ਦੀ ਸੁਰੱਖਿਆ ਵੀ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ ਅਤੇ ਪੰਜਾਬ ਪੁਲਿਸ ਨੂੰ ਆਪਣੀ ਕਾਰਜ ਪ੍ਰਣਾਲੀ ਨੂੰ ਮਜਬੂਤ ਕਰਨ ਦੀ ਲੋੜ ਹੈ ਤਾਂ ਜੋ ਫੇਰ ਕੋਈ ਅਪਰਾਧੀ ਮੁੜ ਤੋਂ ਪੁਲਿਸ ਕਸਟਡੀ ਵਿਚੋਂ ਭਜਣ ਵਿਚ ਕਾਮਯਾਬ ਨਾ ਹੋ ਜਾਵੇ ॥