ਬਜ਼ੁਰਗ ਵਿਧਵਾ ਔਰਤ ਨਾਲ 16 ਲੱਖ ਦੀ ਠੱਗੀ,ਜ਼ਿੰਦਗੀ ਭਰ ਦੀ ਕਮਾਈ ਦਫਤਰ ਦੇ ਹੀ ਸੇਵਾਦਾਰ ਨੇ ਉਡਾਈ ਪਲਾਂ ’ਚ

ਫਿਰੋਜ਼ਪੁਰ ,9 ਜਨਵਰੀ (ਪੰਕਜ ਕੁਮਾਰ)- ਬਜੁਰਗ ਅਤੇ ਵਿਧਵਾ ਔਰਤ ਨਾਲ 16 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਫਿਰੋਜਪੁਰ ਪੁਲਿਸ ਨੇ ਪਤੀ-ਪਤਨੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ। ਘਟਨਾਕਰਮ ਮੁਤਾਬਕ ਫਿਰੋਜਪੁਰ ਛਾਉਣੀ ਦੀ ਫੂਲਾ ਦੇਵੀ ਨੂੰ ਆਪਣੀ ਜਿੰਦਗੀ ਵਿਚ ਕੀਤੀ ਮਿਹਨਤ ਦਾ ਪੈਸਾ ਦਫਤਰ ਦੇ ਹੀ ਸੇਵਾਦਾਰ ’ਤੇ ਕੀਤਾ ਵਿਸਵਾਸ ਇਸ ਕਦਰ ਭਾਰੀ ਪਿਆ ਕਿ ਸ਼ਾਤਿਰ ਦਿਮਾਗ ਨੌਜਵਾਨ ਨੇ ਜਿਥੇ ਬਜੁਰਗ ਔਰਤ ਦੇ 16 ਲੱਖ ਤੋਂ ਜਿਆਦਾ ਰੁਪਏ ਦੋ ਝਟਕਿਆਂ ਵਿਚ ਹੀ ਚਟਮ ਕਰ ਦਿੱਤੇ, ਉਥੇ ਕੋਈ ਨਿਆਂ ਦੇਣ ਦਾ ਵਾਅਦਾ ਕਰਕੇ ਰੂਪੋਸ਼ ਹੋ ਗਿਆ। ਮਾਰਕਿਟ ਕਮੇਟੀ ਫਿਰੋਜਪੁਰ ਛਾਉਣੀ ਤੋਂ ਸੇਵਾਮੁਕਤ ਹੋਈ ਫੂਲਾ ਦੇਵੀ ਨੇ ਆਪਣੇ ਨਾਲ ਵੱਜੀ 16 ਲੱਖ ਦੀ ਠੱਗੀ ਦਾ ਦੁਖੜਾ ਰੌਂਦਿਆਂ ਦੱਸਿਆ ਕਿ ਦਫਤਰ ਦੇ ਹੀ ਸੇਵਾਦਾਰ ਮੁਨੀਸ਼ ਕੁਮਾਰ ’ਤੇ ਵਿਸਵਾਸ ਕਰਦਿਆਂ ਉਸ ਨੇ 16 ਲੱਖ ਰੁਪਏ ਆਪਣੇ ਬੱਚਿਆਂ ਦੇ ਨਾਮ ਜਮਾਂ ਕਰਵਾਉਣ ਲਈ ਕਿਹਾ, ਪ੍ਰੰਤੂ ਉਸ ਨੇ ਪੈਸੇ ਆਪਣੀ ਪਤਨੀ ਮੀਨੂੰ ਦੇ ਖਾਤੇ ਵਿਚ ਜਮਾਂ ਕਰਵਾ ਦਿੱਤੇ। ਉਸ ਨੇ ਕਿਹਾ ਕਿ ਜਦੋਂ 16 ਲੱਖ ਦੀ ਵੱਜੀ ਠੱਗੀ ਦਾ ਪਤਾ ਲੱਗਿਆ ਤਾਂ ਸੰਪਰਕ ਕਰਨ ’ਤੇ ਉਸ ਨੇ ਕਿਹਾ ਕਿ ਪੈਸੇ ਦੇ ਦਿੰਦਾ ਹਾਂ, ਪ੍ਰੰਤੂ ਅਗਲੇ ਦਿਨ ਹੀ ਉਹ ਫਰਾਰ ਹੋ ਗਿਆ। ਆਪਣੀ ਮਾਂ ਨਾਲ ਵੱਜੀ ਠੱਗੀ ਦੇ ਦੁੱਖ ਵਿਚ ਹੰਝੂ ਵਹਾਉਂਦਿਆਂ ਫੂਲਾ ਦੇਵੀ ਦੇ ਪੁੱਤਰ ਅਸ਼ਵਨੀ ਨੇ ਜਿਥੇ ਮੁਨੀਸ ਕੁਮਾਰ ਤੇ ਉਸਦੀ ਪਤਨੀ ਮੀਨੂੰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ, ਉਥੇ ਮਾਂ ਦੀ ਜਿੰਦਗੀ ਭਰ ਦੇ ਕਮਾਏ ਪੈਸੇ ਵਾਪਸ ਦਿਵਾਉਣ ਦੀ ਗੁਹਾਰ ਲਗਾਈ। ਪੁਲਿਸ ਅਧਿਕਾਰੀਆਂ ਵੱਲੋਂ ਨੌਜਵਾਨ ਦੀ ਧਰ-ਪਕੜ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਜੁਰਗ ਤੇ ਵਿਧਵਾ ਔਰਤ ਨਾਲ 16 ਲੱਖ ਦੀ ਮਾਰੀ ਠੱਗੀ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਉਪਰੰਤ ਦਫਤਰ ਮਾਰਕਿਟ ਕਮੇਟੀ ਦੇ ਸੇਵਾਦਾਰ ਮੁਨੀਸ ਕੁਮਾਰ ਤੇ ਉਸਦੀ ਪਤਨੀ ਮੀਨੂੰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪੀੜਿਤ ਬੁਜੁਰਗ ਮਹਿਲਾ ਫੂਲਾ ਦੇਵੀ ਮਾਰਕੀਟ ਕਮੇਟੀ ਦੇ ਦਫਤਰ ਵਿੱਚੋ ਰਿਟਾਇਰਡ ਹੋਈ ਸੀ ਜਿਸ ਤੋਂ ਮਗਰੋਂ ਉਸ ਨੂੰ ਪੈਸੇ ਮਿਲੇ ਸਨ ਜਿਸਨੂੰ ਉਕਤ ਧੋਖਾ ਦੇਣ ਵਾਲੇ ਉਸ ਦੇ ਦਫਤਰ ਦੇ ਹੀ ਸੇਵਾਦਾਰ ਮਨੀਸ਼ ਕੁਮਾਰ ਨਾਮ ਦੇ ਆਦਮੀ ਨੇ ਉਸਦੇ ਬੈੰਕ ਖਾਤੇ ਵਿੱਚੋ ਧੋਖੇ ਨਾਲ ਕਢਵਾ ਕੇ ਆਪਣੀ ਪਤਨੀ ਮੀਨੂ ਦੇ ਖਾਤੇ ਵਿਚ ਪਵਾ ਦਿਤੇ ਜਿਸ ਨਾਲ ਉਸਨੇ ਉਕਤ ਮਹਿਲਾ ਨਾਲ ਵਿਸ਼ਵਾਸ਼ਘਾਤ ਕਰਦਿਆਂ ਉਸ ਨੂੰ ਧੋਖਾ ਦਿੱਤਾ ।


