ਵੇਟ ਲਿਫਟਰ ਊਸ਼ਾ ਨੇ ਮੁੜ ਚਮਕਾਇਆ ਸੁਖਾਨੰਦ ਕਾਲਜ ਦਾ ਨਾਮ

ਸੁਖਾਨੰਦ,9 ਜਨਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀ ਵੇਟ ਲਿਫਟਰ ਊਸ਼ਾ ਬੀ.ਏ. ਭਾਗ ਪਹਿਲਾ ਨੇ ਆਲ ਇੰਡੀਆ-ਯੂਨੀਵਰਸਿਟੀ ਵੇਟਲਿਫਟਿੰਗ ਚੈਂਪੀਅਨਸ਼ਿਪ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਈ ਵਿੱਚ ਭਾਗ ਲਿਆ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਹਾਸਿਲ ਕੀਤੀ। ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੀਮ ਦੀ ਪ੍ਰਤੀਨਿਧਤਾ ਕਰਦੇ ਹੋਏ ਵੇਟ ਲਿਫਟਰ ਊਸ਼ਾ ਨੇ ਆਲ ਇੰਡੀਆ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚੋਂ ਵਿਅਕਤੀਗਤ ਤੌਰ ਤੇ ਚੌਥਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਲਜ ਲਈ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਖਿਡਾਰਨ ਦੀ ਚੋਣ ‘ਖੇਲੋ ਇੰਡੀਆ ਖੇਲੋ’ ਲਈ ਹੋਈ ਹੈ। ਇਸ ਖੁਸ਼ੀ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਆਪਣੇ ਸੰਬੋਧਨ ਰਾਹੀ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਕਾਲਜ ਦੇ ਖੇਡ ਵਿਭਾਗ ਅਤੇ ਕੋਚ ਹਰਭਜਨ ਸਿੰਘ ਜਿੰਨ੍ਹਾਂ ਨੇ ਏਨੀ ਮਿਹਨਤ ਕਰਵਾਈ ਹੈ, ਨੂੰ ਜਾਂਦਾ ਹੈ। ਪ੍ਰਬੰਧਕੀ ਕਮੇਟੀ ਨੇ ਇਸ ਵੱਡੀ ਸਫ਼ਲਤਾ ਲਈ ਸਾਰਿਆਂ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਖਿਡਾਰਨ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।


