ਕੈਪਟਨ ਸਰਕਾਰ ‘ਸਮਾਰਟ ਕਾਰਡ ਰਾਸ਼ਨ ਸਕੀਮ’ ਤਹਿਤ ਅਨਾਜ ਲੋੜਵੰਦਾਂ ਤੇ ਸਹੀ ਹੱਥਾਂ ਤੱਕ ਪਹੁੰਚਾਉਣ ਲਈ ਵਚਨਬੱਧ-ਡਾ: ਹਰਜੋਤ ਕਮਲ

ਮੋਗਾ 9 ਜਨਵਰੀ (ਜਸ਼ਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਵੀਂ ‘ਸਮਾਰਟ ਕਾਰਡ ਰਾਸ਼ਨ ਸਕੀਮ’ ਤਹਿਤ ਅਨਾਜ ਲੋੜਵੰਦਾਂ ਤੇੇ ਸਹੀ ਹੱਥਾਂ ਤੱਕ ਪਹੁੰਚਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਇਹ ਸਕੀਮ ਰਾਜ ਦੇ ਹਰੇਕ ਨਾਗਰਿਕ ਨੂੰ ਅਨਾਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਚਲਾਈ ਗਈ ਹੈ ਅਤੇ ਇਸ ਸਕੀਮ ਤਹਿਤ ਹਰੇਕ ਲੋੜਵੰਦ ਵਿਅਕਤੀ ਤੱਕ ਅਨਾਜ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉੁਨਾਂ ਕਿਹਾ ਕਿ ਜ਼ਿਲੇ ‘ਚ ‘ਨਵੀਂ ਸਮਾਰਟ ਕਾਰਡ ਰਾਸ਼ਨ ਸਕੀਮ’ ਤਹਿਤ 5 ਲੱਖ 56 ਹਜ਼ਾਰ 89 ਮੈਂਬਰ ਲਾਭ ਪ੍ਰਾਪਤ ਕਰ ਰਹੇ ਹਨ। ਉਨਾਂ ਦੱਸਿਆ ਕਿ 1 ਅਪ੍ਰੈਲ 2017 ਤੋਂ 30 ਸਤੰਬਰ 2017 ਦੇ ਛੇ ਮਹੀਨੇ ਲਈ 1 ਲੱਖ 46 ਹਜ਼ਾਰ 895 ਪਰਿਵਾਰਾਂ ਨੂੰ 1 ਲੱਖ 54  ਹਜ਼ਾਰ 217 ਕੁਇੰਟਲ ਕਣਕ ਦੋ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ‘ਤੇ ਵੰਡੀ ਗਈ। ਉਨਾਂ ਦੱਸਿਆ ਕਿ ਤਰਜੀਹੀ ਹਾਊਸ-ਹੋਲਡ ਪਰਿਵਾਰਾਂ ਨੂੰ 5 ਕਿਲੋਗ੍ਰਾਮ ਪ੍ਰਤੀ ਮੈਂਬਰ ਪ੍ਰਤੀ ਮਹੀਨਾ ਕਣਕ ਦੀ ਵੰਡ ਕੀਤੀ ਜਾਂਦੀ ਹੈ ਅਤੇ ਇਹ ਅਨਾਜ ਲਾਭਪਾਤਰੀਆਂ ਨੂੰ ਸਾਲ ‘ਚ ਦੋ ਵਾਰ ਛੇ-ਛੇ ਮਹੀਨੇ ਲਈ ਇਕੱਠਾ ਵੰਡ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਤਰਾਂ ਪਰਿਵਾਰ ਦੇ ਇੱਕ-ਇੱਕ ਮੈਬਰ ਨੂੰ ਛੇ ਮਹੀਨੇ ਲਈ 30-30 ਕਿਲੋਗ੍ਰਾਮ ਕਣਕ ਮੁਹੱਈਆ ਕਰਵਾਈ ਗਈ ਹੈ। ਇਸ ਸਬੰਧੀ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਰਜਨੀਸ਼ ਕੁਮਾਰੀ ਨੇ ਦੱਸਿਆ ਕਿ ਜਿੰਨਾਂ ਗਰੀਬ ਪਰਿਵਾਰਾਂ ਦੀ 60 ਹਜ਼ਾਰ ਰੁਪਏ ਤੋਂ ਸਲਾਨਾ ਆਮਦਨ ਘੱਟ ਹੈ ਕੇਵਲ ਉਹ ਪਰਿਵਾਰ ਹੀ ਇਸ ਸਕੀਮ ਦੇ ਦਾਇਰੇ ‘ਚ ਆਉਂਦੇ ਹਨ।