ਵਿਦਿਆਰਥੀਆਂ ਨੂੰ ਕਾਪੀਆਂ ਵੰਡ ਕੇ ਮਨਾਇਆ ਧੀ ਦਾ ਜਨਮ ਦਿਨ

ਮੋਗਾ,10 ਜਨਵਰੀ (ਜਸ਼ਨ)- ‘ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂੰ ਪਿਆਰ ਕਰੋ ’ ’ਤੇ ਅਮਲ ਕਰਦਿਆਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੀ ਤੀਸਰੀ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੇ ਜਨਮ ਦਿਨ ਮੌਕੇ ਉਸ ਦੇ ਕੁਵੈਤ ਰਹਿੰਦੇ ਪਿਤਾ ਨੇ ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਦੇ ਕੇ ਆਪਣੀ ਪੁੱਤਰੀ ਦੇ ਜਨਮਦਿਨ ਦੀ ਖੁਸ਼ੀ ਸਾਂਝੀ ਕੀਤੀ। ਇਸ ਖੁਸ਼ੀ ਦੇ ਮੌਕੇ ’ਤੇ ਕੋਮਲਪ੍ਰੀਤ ਕੌਰ ਦੀ ਦਾਦੀ ਸ਼ਿੰਦਰ ਕੌਰ ,ਚਾਚਾ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਖੁਦ ਆ ਕੇ ਬੱਚਿਆਂ ਨੂੰ ਸਮਾਨ ਵੰਡਿਆ। ਇਸ ਮੌਕੇ ਦਾਦੀ ਸ਼ਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਸਮਾਜ ਦੇ ਹਰ ਬਸ਼ਿੰਦੇ ਨੂੰ ਧੀਆਂ ਦੇ ਜਨਮ ਮੌਕੇ ਮਾਯੂਸ ਹੋਣ ਦੀ ਜਗਹ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਸਮਾਜ ਵਿਚ ਸਿਰ ਉੱਚਾ ਕਰਕੇ ਜਿਓਂ ਸਕਣ । ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਵਿਚ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿਚ ਵੱਡਾ ਪਾੜਾ ਪੈ ਗਿਆ ਸੀ ਪਰ ਹੁਣ ਸਰਕਾਰ ਵੱਲੋਂ ਬਣਾਏ ਸਖਤ ਕਾਨੂੰਨਾਂ ਅਤੇ ਜਾਗਰੂਕਤਾ ਸੈਮੀਨਾਰਾਂ ਦੁਆਰਾ ਆਮ ਲੋਕਾਂ ਦੀ ਸੋਚ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ । ਉਹਨਾਂ ਕਿਹਾ ਕਿ ਅੱਜ ਉਹਨਾਂ ਦੀ ਬੱਚੀ ਕੋਮਲਪ੍ਰੀਤ ਕੌਰ ਦਾ ਜਨਮਦਿਨ ਹੈ ਅਤੇ ਉਹ ਲੋੜਵੰਦ ਬੱਚਿਆਂ ਨੂੰ ਤੋਹਫ਼ੇ ਦੇ ਪਰਮਾਤਮਾ ਵੱਲੋਂ ਦਿੱਤੀ ਇਸ ਬੱਚੀ ਦੀ ਦਾਤ ਦਾ ਸ਼ੁਕਰਾਨਾ ਕਰਨ ਲਈ ਆਏ ਹਨ । ਨਿੱਕੇ ਬੱਚਿਆਂ ਨੂੰ ਸਮਾਨ ਵੰਡਣ ਮੌਕੇ ਹੈੱਡ ਟੀਚਰ ਸਤਵੰਤ ਕੌਰ,ਜਮਾਤ ਇੰਚਾਰਜ ਜਤਿੰਦਰ ਕੌਰ,ਮਨਜੀਤ ਸਿੰਘ , ਸਿਲਕੀ ਰਾਣੀ,ਸਤਵਿੰਦਰ ਕੌਰ,ਕਿਰਨਦੀਪ ਕੌਰ, ਰੁਪਿੰਦਰ ਕੌਰ, ਅਮਨਜੋਤ ਕੌਰ, ਸੁਖਦੀਪ ਸਿੰਘ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ