ਮੌਜੂਦਾ ਅਕਾਲੀ ਸਰਪੰਚ ਨੇ ਚਲਾਈ ਗੋਲੀ, 5 ਜ਼ਖਮੀ

ਫਿਰੋਜ਼ਪੁਰ, 10 ਜਨਵਰੀ (ਪੰਕਜ ਕੁਮਾਰ)-ਬਲਾਕ ਮਮਦੋਟ ਦੇ ਅਧੀਨ ਆਉਦੇ ਪਿੰਡ ਬੇਟੂ ਕਦੀਮ ਦੇ ਮੌਜੂਦਾ ਅਕਾਲੀ ਸਰਪੰਚ ਵੱਲੋਂ ਪੁਰਾਣੀ ਰੰਜਿਸ ਦੇ ਚਲਦਿਆਂ ਹੋਏ ਝਗੜੇ ਦੌਰਾਨ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਇਕ ਔਰਤ ਅਤੇ ਚਾਰ ਵਿਅਕਤੀ ਗੰਭੀਰ ਜਖਮੀ ਹੋ ਗਏ ਜਾਣਕਾਰੀ ਮੁਤਾਬਿਕ  ਪਿਛਲੇ ਸਾਲ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਚੱਲੀ ਆ ਰਹੀ ਰੰਜ਼ਿਸ਼ ਨੇ ਬਲਾਕ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਰਾਤ ਦੀ ਗਾਲੀ-ਗਲੋਚ ਤੋਂ ਬਾਅਦ ਅੱਜ ਸਵੇਰੇ ਇਕ ਗੋਲੀ ਕਾਂਡ ‘ਚ ਬਦਲ ਗਈ। ਮੌਜੂਦਾ ਅਕਾਲੀ ਸਰਪੰਚ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਸਕੂਲ ਵੈਨ ਦੇ ਚਾਲਕ ਅਤੇ ਰਸਤੇ ‘ਚੋਂ ਗੁਜ਼ਰ ਰਹੀ ਬਜ਼ੁਰਗ ਨੂੰ ਗੰਭੀਰ ਰੂਪ ‘ਚ ਜ਼ਖਮੀਂ ਕਰ ਦਿੱਤਾ,

ਜਿੰਨ੍ਹਾਂ ਨੂੰ ਫਿਰੋਜ਼ਪੁਰ ਤੋਂ ਬਾਅਦ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ) ਅਜਮੇਰ ਸਿੰਘ ਬਾਠ ਸਮੇਤ ਪੁਲਸ ਦੇ ਹੋਰ ਉੱਚ-ਅਧਿਕਾਰੀ ਮੌਕੇ ‘ਤੇ ਪੁੱਜ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬੇਟੂ ਕਦੀਮ ਦੀ ਪੰਚਾਇਤ ਜ਼ਮੀਨ ਦੀ ਬੋਲੀ ਨੂੰ ਲੈ ਮੌਜੂਦਾ ਅਕਾਲੀ ਸਰਪੰਚ ਇੰਦਰਜੀਤ ਪੰਮਾ ਧਵਨ ਅਤੇ ਬੱਬੂ ਖੁੱਲਰ ਵਿਚਾਲੇ ਰੰਜ਼ਿਸ਼ ਚੱਲ ਰਹੀ ਸੀ, ਜਿਸ ਨੂੰ ਲੈ ਕੇ ਬੀਤੀ ਰਾਤ ਸ਼ੋਸ਼ਲ ਮੀਡੀਆ ਉੱਪਰ ਗਾਲੀ-ਗਲੋਚ ਹੋ ਗਿਆ। ਰਾਤ ਕਰੀਬ ਦਸ ਵਜੇ ਦੋਹਾਂ ਧਿਰਾਂ ਵਿਚਾਲੇ ਤਕਰਾਰਬਾਜ਼ੀ ਸ਼ੁਰੂ ਹੋ ਗਈ, ਜਿਸ ਨੂੰ ਮਮਦੋਟ ਪੁਲਿਸ ਨੇ ਸ਼ਾਂਤ ਕਰਵਾ ਦਿੱਤਾ ਅਤੇ ਤੈਸ਼ ਵਿਚ ਆਏ ਮੌਜੂਦਾ ਸਰਪੰਚ ਨੇ ਅੱਜ ਸਵੇਰੇ ਸੱਤਪਾਲ ਖੁੱਲਰ, ਰਵਿੰਦਰ ਬੱਬੂ ਖੁੱਲਰ, ਰਾਕੇਸ਼ ਖੁੱਲਰ ਅਤੇ ਸਕੂਲ ਦੇ ਬੱਚੇ ਲੈਣ ਆਈ ਵੈਨ ਦੇ ਚਾਲਕ ਭਾਰਤ ਭੂਸ਼ਣ ਸੋਨੂੰ ਮਹਿਤਾ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਤੋਂ ਇਲਾਵਾ ਰਾਹ ‘ਚ ਜਾ ਰਹੀ ਬਜ਼ੁਰਗ ਔਰਤ ਦਰਸ਼ਨਾ ਰਾਣੀ ਵੀ ਗੋਲੀਆਂ ਦੀ ਲਪੇਟ ‘ਚ ਆ ਗਈ। ਸਾਰੇ ਗੰਭੀਰ ਜ਼ਖਮੀਆਂ ਨੂੰ ਫਿਰੋਜ਼ਪੁਰ ਤੋਂ ਬਾਅਦ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਉੱਧਰ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਦਾ ਜ਼ਾਇਜ਼ਾ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਅਤੇ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ