ਡਾ: ਐਸ.ਪੀ. ਸਿੰਘ ਉਬਰਾਏ ਦੇ ਸਮਾਜਿਕ ਕੰਮ ਕਾਬਿਲੇ ਤਾਰੀਫ- ਗੁਰਮੀਤ ਸਿੰਘ

ਮੋਗਾ,10 ਜਨਵਰੀ (ਜਸ਼ਨ)- ਡਾ: ਐਸ.ਪੀ. ਸਿੰਘ ਉਬਰਾਏ ਜੀ ਦੀ ਸ਼ਖਸ਼ੀਅਤ ਲਾਮਿਸਾਲ ਹੈ ਤੇ ਉਹਨਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਸਮਾਜਿਕ ਕੰਮ ਕਾਬਿਲੇ ਤਾਰੀਫ ਹਨ । ਉਹਨਾਂ ਵੱਲੋਂ ਹਰ ਜਿਲੇ ਵਿੱਚ ਮੁਫਤ ਕੰਪਿਊਟਰ ਅਤੇ ਸਿਲਾਈ ਕੇਂਦਰ ਖੋਲੇ ਜਾ ਰਹੇ ਹਨ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ, ਸਾਫ ਪਾਣੀ ਲਈ ਸਕੂਲਾਂ ਵਿੱਚ ਆਰ.ਓ. ਲਗਾਏ ਜਾ ਰਹੇ ਹਨ, ਅੱਖਾਂ ਦੇ ਮੁਫਤ ਲੈਂਜ਼ ਕੈਂਪ ਲਗਾਏ ਜਾ ਰਹੇ ਹਨ, ਡਾਇਲਸਿਸ ਕੇਂਦਰ ਅਤੇ ਮਲਟੀਸਪੈਸ਼ਲਟੀ ਹਸਪਤਾਲ ਖੋਲੇ ਜਾ ਰਹੇ ਹਨ, ਲੋੜਵੰਦ ਮਰੀਜਾਂ ਨੂੰ ਇਲਾਜ਼ ਲਈ ਸਹਾਇਤਾ ਦਿੱਤੀ ਜਾ ਰਹੀ ਹੈ, ਬਿਰਧ ਆਸ਼ਰਮ ਅਤੇ ਰੈਣ ਬਸੇਰੇ ਬਣਾਏ ਜਾ ਰਹੇ ਹਨ ਅਤੇ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਪੈਨਸ਼ਨ ਦੇ ਕੇ ਹਰ ਪੱਖ ਤੋਂ ਲੋੜਵੰਦ ਅਤੇ ਸਮਾਜ ਵਿੱਚ ਪਛੜ ਚੁੱਕੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਅਨੇਕਾਂ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸ. ਗੁਰਮੀਤ ਸਿੰਘ ਤਹਿਸੀਲਦਾਰ ਬਾਘਾ ਪੁਰਾਣਾ ਨੇ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ 160 ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਟਰੱਸਟ ਵੱਲੋਂ ਮਿਤੀ 11 ਜਨਵਰੀ ਨੂੰ ਗੁਰਦੁਆਰਾ ਅਕਾਲਸਰ ਪਿੰਡ ਫਤਿਹਗੜ ਕੋਰੋਟਾਣਾ ਵਿਖੇ ਅੱਖਾਂ ਦਾ ਮੁਫਤ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਲੋੜਵੰਦਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਹ ਦੱਸਿਆ ਕਿ ਇਹ ਪੈਨਸ਼ਨ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਦਿੱਤੀ ਜਾਂਦੀ ਹੈ ।  ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਟਰੱਸਟੀ ਮੈਂਬਰ ਗੋਕਲ ਚੰਦ ਬੁੱਘੀਪੁਰਾ, ਮਹਿੰਦਰ ਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਰਣਜੀਤ ਸਿੰਘ ਮਾੜੀ ਮੁਸਤਫਾ, ਦਰਸ਼ਨ ਸਿੰਘ ਲੋਪੋ, ਸੁਖਦੇਵ ਸਿੰਘ ਰਿਟਾਇਰਡ ਡੀ.ਐਸ.ਪੀ., ਹਰਸ਼ਦੀਪ ਸਿੰਘ ਮੋਗਾ, ਦਫਤਰ ਇੰਚਾਰਜ ਜਸਵੀਰ ਕੌਰ, ਟੀਚਰ ਸੁਖਵਿੰਦਰ ਕੌਰ ਝੰਡੇਆਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜ਼ਰ ਸਨ ।