ਨਾਨਕਸਰ ਨੇੜੇ ਵਾਪਰੇ ਹਾਦਸੇ ’ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਜਗਰਾਓਂ ,11 ਜਨਵਰੀ (ਜਸ਼ਨ)- ਅੱਜ ਨਾਨਕਸਰ ਨੇੜੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਮਾਰਗ ‘ਤੇ ਚੰਡੀਗੜ ਤੋਂ ਫਰੀਦਕੋਟ ਨੂੰ ਜਾ ਰਹੀ ਕਾਰ ਅਤੇ ਮੋਗਾ ਤੋਂ ਲੁਧਿਆਣਾ ਵੱਲ ਜਾ ਰਹੇ ਪੈਪਸੀ ਬੋਤਲਾਂ ਨਾਲ ਭਰੇ ਟਰੱਕ ਵਿਚਕਾਰ ਟੱਕਰ ਹੋ ਜਾਣ ਕਰਕੇ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਗੱਡੀ ‘ਚ ਪਤੀ-ਪਤਨੀ ਸਮੇਤ 5 ਜੀਅ ਸਵਾਰ ਸਨ। ਇਸ ਹਾਦਸੇ ‘ਚ ਪਤੀ-ਪਤਨੀ ਸਮੇਤ 4 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ 3 ਮਹੀਨਿਆਂ ਦੀ ਬੱਚੀ ਸਹੀ ਸਲਾਮਤ ਬੱਚ ਗਈ। ਇਹ ਹਾਦਸਾ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨੇੜੇ ਹੋਇਆ। ਹਾਦਸੇ ਵਿੱਚ ਕਾਰ ਡਿਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਕੇ ਟਰੱਕ ਨਾਲ ਇੰਨੀ ਜ਼ੋਰ ਦੀ ਟਕਰਾਈ ਕਿ ਤਹਿਸ ਨਹਿਸ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੰਡੀਗੜ ਵਾਸੀ ਐਡਵੋਕੇਟ ਸੁਦਰਸ਼ਨ ਕੁਮਾਰ ਆਪਣੀ ਪਤਨੀ ਸੀਮਾ ਰਾਣੀ , ਚਾਰ ਸਾਲਾ ਲੜਕੇ ਧਰੁਵ, ਲੜਕੀ ਧਵਨੀ ਅਤੇ ਧਵਨੀ ਦੀ ਖਿਡਾਵੀ ਲੜਕੀ ਕਾਜਲ ਨਾਲ ਫਰੀਦਕੋਟ ਵਿਖੇ ਕਿਸੇ ਭੋਗ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਾਦਸੇ ਦੌਰਾਨ ਕਾਰ ਚਲਾ ਰਹੇ ਸੁਦਰਸ਼ਨ, ਉਸ ਦੇ ਨਾਲ ਮੂਹਰਲੀ ਸੀਟ ‘ਤੇ ਬੈਠੀ ਪਤਨੀ ਸੀਮਾ ਅਤੇ ਉਸ ਦੀ ਗੋਦੀ ਵਿੱਚ ਬੈਠੇ ਹੋਏ ਧਰੁਵ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਹਾਦਸੇ ਦਾਕਾਰਨ ਟਾਇਰ ਫਟਣਾ ਜਾਂ ਫਿਰ ਚਾਲਕ ਦੀ ਅੱਖ ਲੱਗਣਾ ਹੋ ਸਕਦਾ ਹੈ। ਹਾਦਸੇ ’ਚ ਜ਼ਖਮੀ ਦੋਨੋਂ ਲੜਕੀਆਂ ਹਸਪਤਾਲ ’ਚ ਜ਼ੇਰੇ ਇਲਾਜ ਹਨ।


