ਅਮਿੱਟ ਯਾਦਾਂ ਛੱਡ ਗਿਆ ਸੁਖਾਨੰਦ ਕਾਲਜ ਦਾ ਕੌਮੀ ਸੇਵਾ ਯੋਜਨਾ ਕੈਂਪ

ਸੁਖਾਨੰਦ ,11 ਜਨਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਦੀ ਸੁਯੋਗ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ‘ਸਵੱਛ ਭਾਰਤ’ ਵਿਸ਼ੇ ਅਧੀਨ ਲਗਾਇਆ ਗਿਆ। ਸੱਤ ਰੋਜ਼ਾ ਕੈਂਪ ਦੇ ਕੋ-ਆਰਡੀਨੇਟਰ ਡਾ.ਸੁਖਵਿੰਦਰ ਕੌਰ (ਪਿੰ੍ਰਸੀਪਲ), ਸਹਾਇਕ ਕੋ-ਆਰਡੀਨੇਟਰ ਗੁਰਜੀਤ ਕੌਰ (ਉੱਪ ਪਿੰ੍ਰਸੀਪਲ), ਪ੍ਰੋਗਰਾਮ ਅਫ਼ਸਰ ਡਾ.ਬਲਜਿੰਦਰ ਕੌਰ (ਸਹਾਇਕ ਪ੍ਰੋ. ਪੰਜਾਬੀ ਵਿਭਾਗ) ਅਤੇ ਸ਼ੀਤਲ ਨਈਅਰ (ਮੁਖੀ ਗਣਿਤ ਵਿਭਾਗ) ਦੀ ਅਗਵਾਈ ਹੇਠ ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਕੈਂਪ ਵਿੱਚ ਭਾਗ ਲਿਆ। ਇਸ ਕੈਂਪ ਦੌਰਾਨ 115 ਵਲੰਟੀਅਰਾਂ ਨੂੰ ਚਾਰ ਗਰੁੱਪਾਂ, ਕੂਵਰ ਬਾਈ, ਲਕਸ਼ਮੀ ਮੈਨਨ, ਸ਼ਿਲਪਿਕਾ ਗੌਤਮ ਅਤੇ ਮਨੀਸ਼ਾ ਭੰਡਾਰੇ ਵਿੱਚ ਵੰਡਿਆ ਗਿਆ। ਹਰ ਗਰੁੱਪ ਦੇ ਦੋ ਅਧਿਆਪਕ ਇੰਚਾਰਜ ਅਤੇ ਦੋ ਵਲੰਟੀਅਰਾਂ ਨੂੰ ਗਰੁੱਪ ਲੀਡਰ ਬਣਾਇਆ ਗਿਆ। ਉਲੀਕੇ ਗਏ ਕਾਰਜਕ੍ਰਮ ਅਨੁਸਾਰ ਕੈਂਪ ਦਾ ਆਗਾਜ਼ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਜੀ ਦੇ ਕਰ ਕਮਲਾਂ ਨਾਲ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਸਮੇਂ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ, ਐਜੂਕੇਸ਼ਨ ਕਾਲਜ ਦੇ ਪਿੰ੍ਰਸੀਪਲ ਡਾ. ਰਵਿੰਦਰ ਕੌਰ, ਸੀਨੀ.ਸੈਕੰ. ਸਕੂਲ ਦੇ ਪਿੰ੍ਰਸੀਪਲ ਮੈਡਮ ਗੁਰਜੀਤ ਕੌਰ ਅਤੇ ਪਬਲਿਕ ਹਾਈ ਸਕੂਲ ਦੇ ਪਿ੍ਰੰਸੀਪਲ ਮੈਡਮ ਸਤਨਾਮ ਕੌਰ ਨਾਗਪਾਲ ਵੀ ਮੌਜੂਦ ਸਨ।‘ਸਵੱਛ ਭਾਰਤ’ ਵਿਸ਼ੇ ਅਧੀਨ ਡਾ.ਬਲਜਿੰਦਰ ਕੌਰ ਨੇ ਕੌਮੀ ਸੇਵਾ ਯੋਜਨਾ ਦੀ ਮਹੱਤਤਾ ਬਾਰੇ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਤੇ ਉੱਪ ਪਿੰ੍ਰਸੀਪਲ ਗੁਰਜੀਤ ਕੌਰ ਨੇ ਵਲੰਟੀਅਰਾਂ ਨੁੰ ‘ਸਵੱਛ ਭਾਰਤ’ ਅਭਿਆਨ ਤਹਿਤ ਤੱਤਪਰ ਰਹਿਣ ਦੀ ਅਪੀਲ ਕੀਤੀ।
ਇਸ ਉਪਰੰਤ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ। ਰੋਜ਼ਾਨਾ ਕਾਰਜਕ੍ਰਮ ਅਨੁਸਾਰ ਸ਼ਬਦ ਗਾਇਨ, ਐੱਨ.ਐੱਸ.ਐੱਸ. ਗੀਤ ‘ਉੱਠ ਭਾਰਤ ਦਿਆ ਸ਼ੇਰ ਜਵਾਨਾਂ’ ਅਤੇ ਯੋਗਾ ਕਰਵਾਇਆ ਗਿਆ। ਕੈਂਪ ਦੌਰਾਨ ਕਾਲਜ ਕੈਂਪਸ ਦੀ ਸਫ਼ਾਈ, ਮੌਲਿਕ ਲਿਖ਼ਤ ਮੁਕਾਬਲੇ, ਸਲੋਗਨ ਲਿਖਤ ਮੁਕਾਬਲੇ, ਪੇਟਿੰਗ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਸਿਹਤਮੰਦ ਖਾਣੇ ਦੀ ਮਹੱਤਤਾ ਦੱਸੀ ਗਈ ਅਤੇ ਵਲੰਟੀਅਰਾਂ ਨੂੰ ਵਿਸ਼ੇਸ ਖਾਣੇ ਬਣਾਉਣ ਦੀ ਸਿਖਲਾਈ, ਬਲਾਕ ਪਿੰ੍ਰਟਿੰਗ, ਸਟੇਨਸਿਲ ਪਿ੍ਰੰਟਿੰਗ ਅਤੇ ਕਾਗਜ਼ ਦੇ ਬੈਗ ਬਣਾਉਣ ਦੀ ਸਿਖਲਾਈ ਦਿੱਤੀ ਗਈ। ‘ਸਵੱਛ ਭਾਰਤ’ ਮੁਹਿੰਮ ਤਹਿਤ ਸੁਖਾਨੰਦ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰੋਗਰਾਮ ਅਫ਼ਸਰ ਸ਼ੀਤਲ ਨਈਅਰ ਨੇ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਅਭਿਆਨ ਤੋਂ ਜਾਣੂ ਕਰਵਾਇਆ। ਇਸੇ ਦਿਨ ਵਲੰਟੀਅਰਾਂ ਨੇ ਸਰਵੇਖਣ ਕੀਤਾ ਤੇ ਅਨਪੜ ਔਰਤਾਂ ਨੂੰ ਹਸਤਾਖ਼ਰ ਕਰਨੇ ਸਿਖਾਏ।ਲਘੂ ਫ਼ਿਲਮਾਂ ‘ਅੰਨਦਾਤਾ’, ‘ਏਹ ਜਨਮੁ ਤੁਮਾਰੇ ਲੇਖੇ’ ਵਿਖਾਈਆਂ ਗਈਆਂ। ਵਾਤਾਵਰਣ ਦੀ ਸਾਂਭ-ਸੰਭਾਲ ਤਹਿਤ ਕਾਲਜ ਦੇ ਉੱਪ-ਚੇਅਰਮੈਨ ਵੱਲੋਂ ਕਾਲਜ ਵਿੱਚ ਪੌਦੇ ਲਗਾਏ ਗਏ। ਭਾਈ ਜਸਵਿੰਦਰ ਸਿੰਘ ਜੀ ਯੂ.ਕੇ. ਵਾਲੇ ਅਤੇ ਭਾਈ ਮੋਹਨ ਸਿੰਘ ਜੀ ਨੇ ਵਲੰਟੀਅਰਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ।ਸੱਤ ਰੋਜ਼ਾ ਕੈਂਪ ਵਿੱਚ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਸੁਨੀਤਾ ਰਾਣੀ, ਡਾ.ਜਸਵੀਰ ਕੌਰ, ਕਿਰਨਜੀਤ ਕੌਰ, ਪਵਨਜੀਤ ਕੌਰ, ਦਲਜੀਤ ਕੌਰ, ਕੰਵਲਜੀਤ ਕੌਰ, ਸੁਖਪ੍ਰੀਤ ਕੌਰ, ਪਿ੍ਰਤਪਾਲ ਕੌਰ, ਊਸ਼ਾ ਅਤੇ ਮਨਦੀਪ ਕੌਰ ਨੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਦਿੱਤੇ।ਪਿੰਡ ਸੁਖਾਨੰਦ ਦੀ ਮਿਨੀ ਪੀ.ਐੱਚ.ਸੀ. ਦੇ ਡਾ.ਅਮਨਜੀਤ ਕੌਰ, ਐੱਮ.ਬੀ.ਬੀ.ਐੱਸ., ਵੱਲੋਂ ਛੂਤ ਦੀਆਂ ਬਿਮਾਰੀਆਂ ਅਤੇ ਇਸਦੇ ਇਲਾਜ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਲੰਟੀਅਰਾਂ ਵੱਲੋਂ ਕੈਂਪ ਫ਼ਾਇਰ ਕਰਕੇ ਨਵੇਂ ਸਾਲ ਨੂੰ ਖੁਸ਼ਾਆਮਦੀਦ ਆਖ ਦੇ ਗੀਤਾਂ, ਗਜ਼ਲਾਂ, ਲੋਕ ਨਾਚ ਦੀ ਭਰਪੂਰ ਆਨੰਦ ਮਾਣਿਆ ਗਿਆ। ਕੈਂਪ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਡਾ. ਸੁਖਜਿੰਦਰ ਸਿੰਘ ਬਰਾੜ (ਪਿੰ੍ਰ.ਮਾਲਵਾ ਡਿਗਰੀ ਕਾਲਜ, ਕੋਟਕਪੂਰਾ), ਵਿਸ਼ੇਸ਼ ਮਹਿਮਾਨ ਵਜੋਂ ਐੱਮ.ਡੀ. ਗੇਰਾ ਤੇ ਸ.ਕਰਤਾਰ ਸਿੰਘ ਸਿੱਖਾਂਵਾਲਾ ਨੇ ਸਮੂਲੀਅਤ ਕੀਤੀ। ਡਾ.ਸੁਖਜਿੰਦਰ ਸਿੰਘ ਬਰਾੜ ਨੇ ਵਲੰਟੀਅਰਾਂ ਨੂੰ ਐੱਨ.ਐੱਸ.ਐੱਸ. ਦੀ ਭਰਪੂਰ ਵਾਕਫ਼ੀਅਤ ਦਿੰਦੇ ਹੋਏ ਨਿੱਜੀ ਜਿੰਦਗੀ ਦੇ ਤਜ਼ਰਬੇ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਵਲੰਟੀਅਰਾਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈੇ। ਇਨਾਮ ਵੰਡ ਸਮਾਰੋਹ ਦੌਰਾਨ ਮਾਤਾ ਗੁਜਰੀ ਚਲੰਤ ਟਰਾਫ਼ੀ ਬੈਸਟ ਗਰੁੱਪ ਸ਼ਿਲਾਪਿਕਾ ਗੌਤਮ ਨੂੰ ਦਿੱਤੀ ਗਈ। ਕੋਮਲ ਨੁੰ ਬੈਸਟ ਵਲੰਟੀਅਰ ਅਤੇ ਗੁਰਪ੍ਰੀਤ ਕੌਰ ਨੂੰ ਸੱਤ ਰੋਜ਼ਾ ਕੈਂਪ ਦੇ ਚਮਕਦੇ ਸਿਤਾਰੇ ਵਜੋਂ ਨਿਵਾਜਿਆ ਗਿਆ। ਵੱਖ-ਵੱਖ ਮੁਕਾਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।


