ਸਿਹਤ ਵਿਭਾਗ ਦੀ ਟੀਮ ਨੇ ਪੈਂਫਲਿਟ ਵੰਡ ਕੇ ਲੋਕਾਂ ਨੂੰ ਕੀਤਾ ਸਵਾਈਨ ਫਲੂ ਬਾਰੇ ਜਾਗਰੂਕ

ਮੋਗਾ,12 ਜਨਵਰੀ(ਜਸ਼ਨ)- ਸਿਵਲ ਸਜਰਨ ਮੋਗਾ ਡਾ. ਮਨਜੀਤ ਸਿੰਘ ਜੀ ਦੇ ਆਦੇਸ਼ਾਂ ਅਤੇ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਪਬਲਿਕ ਸਥਾਨਾਂ ਤੇ ਪੈਂਫਲਿਟ ਵੰਡ ਕੇ ਲੋਕਾਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਸਬੰਧੀ ਅੱਜ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਅਤੇ ਉਹਨਾਂ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਮੋਗਾ ਅਤੇ ਮਿੰਨੀ ਸਕੱਤਰੇਤ ਮੋਗਾ ਵਿੱਚ ਪੈਂਫਲਿਟ ਵੰਡੇ ਗਏ । ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ੀ ਲੂੰਬਾ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਲੋੜ ਨਹੀਂ ਬਲਕਿ ਆਪਣੀ ਜਾਗਰੂਕਤਾ ਦਾ ਪੱਧਰ ਉਪਰ ਚੁੱਕ ਕੇ ਇਸ ਨਾਲ ਨਜਿੱਠਣ ਦੀ ਲੋੜ ਹੈ । ਉਹਨਾਂ ਸਵਾਈਨ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬੁਖਾਰ, ਖਾਂਸੀ, ਜੁਕਾਮ, ਗਲੇ ਵਿੱਚ ਦਰਦ, ਛਿੱਕਾਂ ਅਤੇ ਨੱਕ ਵਗਣਾ, ਸਰੀਰ ਟੁੱਟਣਾ, ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਲੱਗਣਾ ਸਵਾਈਨ ਫਲੂ ਦੀਆਂ ਨਿਸ਼ਾਨੀਆਂ ਹਨ ਤੇ ਇਸ ਵਿੱਚ ਤੁਰੰਤ ਇਲਾਜ਼ ਅਤੇ ਟੈਸਟਾਂ ਦੀ ਜਰੂਰਤ ਹੁੰਦੀ ਹੈ । ਉਹਨਾਂ ਲੋਕਾਂ ਨੂੰ ਖੰਘਦੇ ਜਾਂ ਛਿੱਕਦੇ ਵੇਲੇ ਮੂੰਹ ਤੇ ਰੁਮਾਲ ਰੱਖਣ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਹੱਥ ਸਾਬਣ ਨਾਲ ਧੋਣ, ਸ਼ੱਕੀ ਮਰੀਜਾਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਪੂਰੀ ਨੀਂਦ ਲੈਣ ਤੇ ਆਰਾਮ ਕਰਨ, ਕਾਫੀ ਮਾਤਰਾ ਵਿੱਚ ਪਾਣੀ ਪੀਣ ਅਤੇ ਪੌਸ਼ਟਿਕ ਭੋਜਨ ਖਾਣ ਦੀ ਸਲਾਹ ਵੀ ਦਿੱਤੀ । ਉਹਨਾਂ ਕਿਹਾ ਕਿ ਸਾਨੂੰ ਸ਼ੱਕੀ ਮਰੀਜਾਂ ਨਾਲ ਹੱਥ ਨਾ ਮਿਲਾਉਣ, ਗਲਵੱਕੜੀ ਨਾ ਪਾਉਣ, ਬਿਨਾਂ ਡਾਕਟਰੀ ਜਾਂਚ ਤੋਂ ਨਾ ਲੈਣ ਅਤੇ ਖੁੱਲੇ ਵਿੱਚ ਨਾ ਥੁੱਕਣ ਦੀ ਵੀ ਸਲਾਹ ਦਿੱਤੀ । ਉਹਨਾਂ ਕਿਸੇ ਵੀ ਸਹਾਇਤਾ ਵੇਲੇ ਹੈਲਪਲਾਈਨ ਨੰਬਰ 01636 227005 ਤੇ ਸੰਪਰਕ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਸੈਨੇਟਰੀ ਇੰਸਪੈਕਟਰ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ ।


