ਲੋਹੜੀ ਨੂੰ ਲੋਹੜੀ ਹੀ ਰਹਿਣ ਦਿਓ,ਖਬਰ ਨਾ ਬਣਾਓ-ਜਨਮੇਜਾ ਜੌਹਲ

ਲੁਧਿਆਣਾ,13 ਜਨਵਰੀ (ਜਸ਼ਨ)-ਲੇਖਕ, ਕਲਾਕਾਰ ਅਤੇ ਸੂਖਮ ਕਲਾਵਾਂ ਦੀ ਸੋਝੀ ਰੱਖਣ ਵਾਲੇ ਬੁੱਧੀਜੀਵੀ ਜਨਮੇਜਾ ਸਿੰਘ ਜੌਹਲ ਦਾ ਆਖਣਾ ਏ ਕਿ ਹਰ ਤਿਉਹਾਰ ਦੀ ਆਪਣੀ ਮਹੱਤਤਾ ਤੇ ਇਤਿਹਾਸ ਹੁੰਦਾ ਹੈ ਇਸੇ ਤਰਾਂ ਲੋਹੜੀ ਦੀ ਵੀ ਆਪਣੀ ਮਹੱਤਤਾ ਤੇ ਇਤਿਹਾਸ ਹੈ। ਪੰਜਾਬ ਦੇ ਚੋਣਵੇਂ ਪੱਤਰਕਾਰਾਂ ਨੂੰ ਭੇਜੀ ਮੇਲ ਰਾਹੀਂ ਉਹਨਾਂ ਸੁਨੇਹਾ ਦਿੰਦਿਆਂ ਆਖਿਆ ਕਿ ਅੱਜਕਲ ਹਰ ਕੋਈ ਲੋਹੜੀ ਦੇ ਤਿਓਹਾਰ ਨੂੰ ਰੱਲ ਗੱਡ ਕਰ ਰਿਹਾ ਹੈ,ਕਿਉਂਕਿ ਧੀਆਂ ਦੇ ਨਾਮ ਤੇ ਕਿਸੇ ਤਿਓਹਾਰ ਦਾ ਅਪਹਰਣ ਕਰਨ ਨਾਲ ਧੀਆਂ ਨੂੰ ਇਨਸਾਫ ਨਹੀਂ ਮਿਲ ਜਾਣਾ। ਉਹਨਾਂ ਆਖਿਆ ਕਿ ਕੀ ਕੱਲ ਨੂੰ ਤੀਆਂ ਤੇ ਮੁੰਡਿਆਂ ਤੋਂ ਗਿੱਧਾ ਪਵਾਓਗੇ ਜਾਂ ਫੇਰ ਕੀ ਭਰਾ ਭੈਣਾਂ ਦੇ ਰੱਖੜੀ ਬੰਨਣਗੇ? ਇਹ ਸਭ ਕੁਝ ਮੂਰਖਤਾ ਭਰਪੂਰ ਹੈ। ਜੌਹਲ ਨੇ ਸੁਨੇਹਾ ਦਿੱਤਾ ਕਿ ਧੀਆਂ ਦੀ ਇੱਜ਼ਤ ਕਰਨਾ ਸਿੱਖੋ, ਉਹਨਾਂ ਬਾਰੇ ਸਾਕਾਰਤਮਿਕ ਸੋਚ ਅਪਣਾਓ ਪਰ ਰੱਬ ਦਾ ਵਾਸਤਾ ਤਿਓਹਾਰਾਂ ਦਾ ਰੂਪ ਨਾ ਬਦਲੋ। ਉਹਨਾਂ ਅਪੀਲ ਕੀਤੀ ਕਿ ਸਸਤੀ ਸ਼ੋਹਰਤ ਲਈ ਮੇਲੇ ਨਾ ਲਗਾਓ ਸਗੋਂ ਆਪਣੇ ਅੰਦਰ ਝਾਤੀ ਮਾਰੋ ਤੇ ਬਾਕੀ 364 ਦਿਨਾਂ ’ਚ ਆਪਣੀਆਂ ਧੀਆਂ ਜਾਂ ਔਰਤਾਂ ਪ੍ਰਤੀ ਵਰਤਾਰੇ ’ਤੇ ਗੌਰ ਕਰੋ। ਇਹ ਮੇਲ ਪ੍ਰਾਪਤ ਹੋਣ ’ਤੇ ਜਦੋਂ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨੇ ਸ: ਜਨਮੇਜਾ ਜੌਹਲ ਨਾਲ ਫੋਨ ’ਤੇ ਰਾਬਤਾ ਬਣਾਇਆ ਤਾਂ ਉਹਨਾਂ ਆਖਿਆ ਕਿ ਭਾਵੇਂ ਤੁਸੀਂ ਵੀ ਮੇਰੇ ਇਸ ਸੁਨੇਹੇ ਦੀ ਖਬਰ ਬਣਾਉਣ ਤੋਂ ਬਾਜ਼ ਨਹੀਂ ਆਉਣਾ ਪਰ ਮੇਰੇ ਇਸ ਸੁਨੇਹੇ ਨਾਲ ਜੇ ਇਕ ਦੋ ਪ੍ਰਤੀਸ਼ਤ ਪੰਜਾਬੀ ਵੀ ਵਿਰਾਸਤ ਪ੍ਰਤੀ ਸੁਚੇਤ ਹੋ ਜਾਣ ਤਾਂ ਮੈਂ ਧੰਨਭਾਗ ਸਮਝਾਂਗਾ।


